ਲੁਧਿਆਣਾ ਦੀ ਸਬਜ਼ੀ ਮੰਡੀ ’ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ
ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ
Publish Date: Wed, 27 May 2026 08:25 PM (IST)
Updated Date: Thu, 28 May 2026 04:10 AM (IST)

* ਸ਼ੱਕੀ ਪਨੀਰ ਨੂੰ ਕੀਤਾ ਨਸ਼ਟ, ਫਲ ਪਕਾਉਣ ਵਾਲੇ ਸੈਂਟਰਾਂ ਦੀ ਵੀ ਕੀਤੀ ਜਾਂਚ ਫੋਟੋ- 26 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ : ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਅਫਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਮਹਾਨਗਰ ਦੀ ਸਬਜ਼ੀ ਮੰਡੀ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦੌਰਾਨ ਸਬਜੀ ਮੰਡੀ ਵਿੱਚ ਵਿਕ ਰਹੇ ਖਾਣ-ਪੀਣ ਦੇ ਸਮਾਨ, ਖ਼ਾਸ ਕਰਕੇ ਪਨੀਰ ਤੇ ਫਲਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਮੰਡੀ ਵਿੱਚ ਲੱਗੇ ਸਟਾਲਾਂ ਅਤੇ ਰੇਹੜੀਆਂ ‘ਤੇ ਵਿਕ ਰਹੇ ਪਨੀਰ ਦੀ ਜਾਂਚ ਕੀਤੀ ਗਈ। ਟੀਮ ਨੂੰ ਮੌਕੇ ‘ਤੇ ਕੁਝ ਪਨੀਰ ਸ਼ੱਕੀ ਲੱਗਣ ਕਾਰਨ ਪਨੀਰ ਦਾ ਇੱਕ ਫੂਡ ਸੈਂਪਲ ਇਕੱਠਾ ਕਰ ਕੇ ਸਰਕਾਰੀ ਲੈਬੋਰਟਰੀ ’ਚ ਜਾਂਚ ਲਈ ਭੇਜਿਆ ਗਿਆ। ਇਸ ਦੇ ਨਾਲ ਹੀ ਮੌਕੇ ‘ਤੇ ਮੌਜੂਦ ਲਗਭਗ 18 ਕਿਲੋ ਸ਼ੱਕੀ ਪਨੀਰ ਨੂੰ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ ਤਾਂ ਜੋ ਇਹ ਪਨੀਰ ਲੋਕਾਂ ਦੀ ਸਿਹਤ ਲਈ ਕੋਈ ਖ਼ਤਰਾ ਨਾ ਬਣੇ। ਫੂਡ ਸੇਫਟੀ ਅਧਿਕਾਰੀਆਂ ਵੱਲੋਂ ਮੌਕੇ ‘ਤੇ ਮੌਜੂਦ ਪਨੀਰ ਵਿਕਰੇਤਾਵਾਂ ਨੂੰ ਸਖ਼ਤ ਚੇਤਾਵਨੀ ਅਤੇ ਜਾਗਰੂਕਤਾ ਸੰਦੇਸ਼ ਦਿੱਤਾ ਗਿਆ ਕਿ ਉਹ ਗੈਰ-ਮਿਆਰੀ ਜਾਂ ਸ਼ੱਕੀ ਖਾਦ ਪਦਾਰਥਾਂ ਦੀ ਵਿਕਰੀ ਤੁਰੰਤ ਬੰਦ ਕਰਨ। ਉਨ੍ਹਾਂ ਨੂੰ ਇਹ ਵੀ ਆਗਾਹ ਕੀਤਾ ਗਿਆ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਉਲੰਘਣਾ ਪਾਈ ਜਾਣ ‘ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਕਿਹਾ ਗਿਆ ਕਿ ਅਜਿਹੀਆਂ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਫੂਡ ਸੇਫਟੀ ਵਿਭਾਗ ਨੇ ਹੋਰਟੀਕਲਚਰ ਵਿਭਾਗ ਅਤੇ ਵਾਤਾਵਰਣ ਵਿਭਾਗ ਨਾਲ ਸਾਂਝੇ ਤੌਰ ‘ਤੇ ਫਲਾਂ ਨੂੰ ਕ੍ਰਿਤ੍ਰਿਮ ਤਰੀਕੇ ਨਾਲ ਪਕਾਉਣ ਸਬੰਧੀ ਵੀ ਵਿਸ਼ੇਸ਼ ਜਾਂਚ ਕੀਤੀ। ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰਾਂ ਅਤੇ ਹੋਰਟੀਕਲਚਰ ਵਿਭਾਗ ਦੀ ਟੀਮ ਵੱਲੋਂ ਪਪੀਤਾ, ਅੰਬ ਅਤੇ ਕੇਲਿਆਂ ਦੇ ਰਾਈਪਨਿੰਗ ਸੈਂਟਰਾਂ ਅਤੇ ਸਟੋਰਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਇਥਾਈਲੀਨ ਗੈਸ ਰਾਹੀਂ ਪਕਾਏ ਜਾ ਰਹੇ ਕੇਲਿਆਂ ਅਤੇ ਹੋਰ ਫਲਾਂ ਦੀ ਮੌਕੇ ‘ਤੇ ਜਾਂਚ ਕੀਤੀ ਗਈ। ਟੀਮ ਵੱਲੋਂ ਫਲ ਵਿਕਰੇਤਾਵਾਂ ਅਤੇ ਸਟੋਰ ਮਾਲਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਗੈਰ-ਮਨਜ਼ੂਰਸ਼ੁਦਾ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਕੇ ਫਲ ਪਕਾਉਣਾ ਕਾਨੂੰਨੀ ਤੌਰ ‘ਤੇ ਮਨਾਹੀ ਹੈ ਅਤੇ ਇਹ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਕੀਤੀ ਗਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਟੀਮ ਵੱਲੋਂ ਮੌਕੇ ਤੋਂ ਲਏ ਗਏ ਫੂਡ ਸੈਂਪਲ ਸਰਕਾਰੀ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫੂਡ ਸੇਫਟੀ ਵਿਭਾਗ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਲਗਾਉਣ ਵਾਲੇ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਕੱਟ ਲਗਾ ਕੇ ਜਾਂ ਪਹਿਲਾਂ ਤੋਂ ਕੱਟੇ ਹੋਏ ਫਲਾਂ ਦੀ ਵਿਕਰੀ ਨਾ ਕਰਨ, ਕਿਉਂਕਿ ਇਸ ਨਾਲ ਬੈਕਟੀਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ।