ਸਵੈ-ਗਣਨਾ ਵਿੱਚ 17640 ਐਂਟਰੀਆਂ ਨਾਲ ਲੁਧਿਆਣਾ ਨੇ ਪੰਜਾਬ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

ਡਿਜੀਟਲ ਜਨਗਣਨਾ 2027 : ਪ੍ਰਾਪਤੀ ਲਈ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ
ਨਗਰ ਨਿਗਮ ਕਮਿਸ਼ਨਰ, ਡਿਪਟੀ ਡਾਇਰੈਕਟਰ (ਜਨਗਣਨਾ) ਨੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਡਿਜੀਟਲ ਜਨਗਣਨਾ-2027 ਦੇ ਤਹਿਤ 14 ਮਈ ਤੱਕ ਹੋਈ ਸਵੈ-ਗਣਨਾ ਵਿੱਚ ਲੁਧਿਆਣਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਸਵੈ-ਗਣਨਾ ਵਿੱਚ ਲੁਧਿਆਣਾ ਨਗਰ ਨਿਗਮ ਦੀ ਹੱਦ ਅੰਦਰ 17640 ਲੋਕਾਂ ਨੇ ਉਨ੍ਹਾਂ ਨਾਲ ਸਬੰਧਤ ਜਾਣਕਾਰੀ ਅਤੇ 33 ਸਵਾਲਾਂ ਦੇ ਜਵਾਬ ਦੀਆਂ ਐਂਟਰੀਆਂ ਨਾਲ ਲੁਧਿਆਣਾ ਨੂੰ ਪੰਜਾਬ ਵਿੱਚੋਂ ਪਹਿਲਾ ਸਥਾਨ ਦਬਾਇਆ ਹੈ। ਨਗਰ ਨਿਗਮ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ, ਸੰਯੁਕਤ ਕਮਿਸ਼ਨਰ-ਕਮ-ਸ਼ਹਿਰ ਜਨਗਣਨਾ ਅਧਿਕਾਰੀ ਵਿਨੀਤ ਕੁਮਾਰ ਅਤੇ ਡਿਪਟੀ ਡਾਇਰੈਕਟਰ (ਜਨਗਣਨਾ) ਪੰਜਾਬ ਡਾ. ਰੂਚੀ ਗੁਪਤਾ ਨੇ ਇਸ ਪ੍ਰਾਪਤੀ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਇਲਾਵਾ ਡਾ. ਨੀਰੂ ਕਤਿਆਲ ਗੁਪਤਾ ਅਤੇ ਡਾ. ਰੁਚੀ ਗੁਪਤਾ ਨੇ ਸੋਮਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਡਿਜੀਟਲ ਜਨਗਣਨਾ-2027 (ਘਰ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ) ਦੇ ਪਹਿਲੇ ਪੜਾਅ ਤਹਿਤ ਚੱਲ ਰਹੇ ਫੀਲਡ ਸਰਵੇਖਣ ਨੂੰ ਤੇਜ਼ ਅਤੇ ਸੁਚਾਰੂ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ। ਘਰ-ਘਰ ਸਰਵੇਖਣ ਦਾ ਕੰਮ 15 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 13 ਜੂਨ ਤੱਕ ਜਾਰੀ ਰਹੇਗਾ। ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਕਿਉਂਕਿ ਇਹ ਡੈਟਾ ਸਰਕਾਰ ਨੂੰ ਵਸਨੀਕਾਂ ਲਈ ਨੀਤੀਆਂ ਅਤੇ ਭਲਾਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰੇਗਾ। ਗਿਣਤੀਕਾਰ ਫੀਲਡ ਸਰਵੇਖਣ ਦੌਰਾਨ ਰਾਜ ਸਰਕਾਰ ਦੁਆਰਾ ਸੂਚੀਬੱਧ 33 ਸਵਾਲ ਪੁੱਛਣਗੇ। ਜੇਕਰ ਨਿਵਾਸੀਆਂ ਨੇ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਜਮ੍ਹਾਂ ਕਰਵਾਏ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਫੀਲਡ ਸਰਵੇਖਣ ਦੌਰਾਨ ਆਪਣੀ ਜਾਇਦਾਦ ਦਾ ਦੌਰਾ ਕਰਨ ਵੇਲੇ ਗਿਣਤੀਕਾਰ ਨਾਲ ਐਸਈ-ਆਈਡੀ ਸਾਂਝਾ ਕਰਨਾ ਪਵੇਗਾ। ਗਿਣਤੀਕਾਰਾਂ ਦੁਆਰਾ ਕੋਈ ਦਸਤਾਵੇਜ਼ ਜਾਂ ਓਟੀਪੀ ਨਹੀਂ ਮੰਗਿਆ ਜਾਵੇਗਾ।
---
ਸਵੈ-ਗਣਨਾ ਦੀਆਂ ਤਰੀਕਾਂ ਵਧਾਉਣ ਲਈ ਹੋਵੇਗੀ ਸਿਫਾਰਿਸ਼
ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਕਿਹਾ ਕਿ ਨਗਰ ਨਿਗਮ ਸੀਨੀਅਰ ਅਧਿਕਾਰੀਆਂ ਨੂੰ ਸਵੈ-ਗਣਨਾ ਦੀਆਂ ਤਰੀਕਾਂ ਨੂੰ ਕੁਝ ਦਿਨਾਂ ਲਈ ਵਧਾਉਣ ਲਈ ਇੱਕ ਸਿਫਾਰਸ਼ ਵੀ ਭੇਜੇਗਾ, ਤਾਂ ਜੋ ਹੋਰ ਵਸਨੀਕ ਆਪਣੇ ਘਰਾਂ ਵਿੱਚ ਬੈਠ ਕੇ ਆਪਣੇ ਰਿਹਾਇਸ਼ੀ ਵੇਰਵੇ ਔਨਲਾਈਨ ਜਮ੍ਹਾਂ ਕਰਵਾ ਸਕਣ। ਇਸ ਦੌਰਾਨ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਅਤੇ ਡਿਪਟੀ ਡਾਇਰੈਕਟਰ (ਜਨਗਣਨਾ) ਪੰਜਾਬ ਡਾ. ਰਚੀ ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਦੁਬਾਰਾ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ, ਸਹੀ ਵੇਰਵੇ ਜਮ੍ਹਾਂ ਕਰਵਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਪਾਉਣ।ਇਸ ਮੌਕੇ ਤੇ ਮੀਟਿੰਗ ਵਿੱਚ ਜ਼ੋਨਲ ਕਮਿਸ਼ਨਰ ਨੀਰਜ ਜੈਨ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ, ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ, ਸੁਪਰਡੈਂਟ ਵਿਵੇਕ ਵਰਮਾ, ਅੰਕੜਾ ਜਾਂਚ ਕਰਤਾ (ਜਨਗਣਨਾ) ਅਲੋਕ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।