ਲੁਧਿਆਣਾ ਦੇ ਸਕੂਲਾਂ ਨੂੰ ਫਿਰ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ

-ਹਲਵਾਰਾ ਹਵਾਈ ਅੱਡੇ ਨੂੰ ਵੀ ਮਿਲੀ ਧਮਕੀ
-ਘੰਟਿਆਂ ਤੱਕ ਚੱਲੀ ਤਲਾਸ਼ੀ ਮੁਹਿੰਮ, ਨਹੀਂ ਮਿਲੀ ਕੋਈ ਇਤਰਾਜ਼ਯੋਗ ਸਮੱਗਰੀ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਵਿੱਚ ਇੱਕ ਵਾਰ ਫਿਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸ਼ਹਿਰ ਦੇ 6 ਪ੍ਰਸਿੱਧ ਸਕੂਲਾਂ ਨੂੰ ਬੰਬ ਧਮਾਕਿਆਂ ਦੀਆਂ ਧਮਕੀ ਭਰੀਆਂ ਈ-ਮੇਲਾਂ ਮਿਲੀਆਂ। ਧਮਕੀ ਭਰੇ ਸੁਨੇਹਿਆਂ ਵਿੱਚ ਹਲਵਾਰਾ ਹਵਾਈ ਅੱਡੇ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ। ਸਕੂਲਾਂ ਤੋਂ ਜਾਣਕਾਰੀ ਮਿਲਦੇ ਹੀ ਲੁਧਿਆਣਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਉਨ੍ਹਾਂ ਵੱਲੋਂ ਤੁਰੰਤ ਸਕੂਲਾਂ ਨੂੰ ਖਾਲੀ ਕਰਵਾ ਕੇ ਵਿਆਪਕ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ।
ਧਮਕੀ ਮਿਲਣ ਵਾਲੇ ਸਕੂਲਾਂ ਵਿੱਚ ਦੁੱਗਰੀ ਸਥਿਤ ਬਾਲ ਭਾਰਤੀ ਸਕੂਲ, ਸੈਕਰਡ ਹਾਰਟ ਸਕੂਲ, ਦਾ ਏਸ਼ੀਅਨ ਸਕੂਲ ਅਤੇ ਭਾਰਤੀ ਵਿਦਿਆ ਮੰਦਰ ਦੇ ਕਿਚਲੂ ਨਗਰ, ਊਧਮ ਸਿੰਘ ਨਗਰ ਅਤੇ ਸੈਕਟਰ-39 ਸਥਿਤ ਸ਼ਾਖਾਵਾਂ ਸ਼ਾਮਲ ਹਨ। ਧਮਕੀ ਭਰੀਆਂ ਈ-ਮੇਲਾਂ ਮਿਲਦੇ ਹੀ ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਸਕੂਲਾਂ ਤੋਂ ਬਾਹਰ ਕੱਢਿਆ ਗਿਆ। ਧਮਕੀ ਭਰੀਆਂ ਈ-ਮੇਲਾਂ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਮੌਕੇ ਤੇ ਪਹੁੰਚਕੇ ਬੰਬ ਨਿਰੋਧਕ ਦਸਤੇ ਅਤੇ ਐਂਟੀ ਸਾਬੋਟਾਜ਼ ਟੀਮਾਂ ਨੇ ਕਈ ਘੰਟਿਆਂ ਤੱਕ ਸਕੂਲਾਂ ਦੇ ਹਰ ਹਿੱਸੇ ਦੀ ਗਹਿਰਾਈ ਨਾਲ ਜਾਂਚ ਕੀਤੀ, ਪਰ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਜਾਂਚ ਤੋਂ ਬਾਅਦ ਇਹ ਧਮਕੀਆਂ ਝੂਠੀਆਂ ਪਾਈਆਂ ਗਈਆਂ। ਸਰਾਭਾ ਨਗਰ ਥਾਣੇ ਦੇ ਐਸਐਚਓ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਪੂਰੀ ਜਾਂਚ ਕੀਤੀ ਹੈ ਅਤੇ ਫਿਲਹਾਲ ਕਿਤੋਂ ਵੀ ਕੋਈ ਖਤਰਨਾਕ ਸਮੱਗਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਾਈਬਰ ਟੀਮ ਦੀ ਮਦਦ ਨਾਲ ਈ-ਮੇਲ ਭੇਜਣ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਵੀ 10 ਮਾਰਚ ਨੂੰ ਲੁਧਿਆਣਾ ਦੇ 10 ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਈ-ਮੇਲਾਂ ਮਿਲੀਆਂ ਸਨ। ਇਸ ਤੋਂ ਇਲਾਵਾ 10 ਫਰਵਰੀ ਨੂੰ ਮੋਹਾਲੀ ਦੇ 16 ਸਕੂਲਾਂ ਅਤੇ 23 ਅਪ੍ਰੈਲ ਨੂੰ ਲੁਧਿਆਣਾ ਦੇ ਚਾਰ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਭੇਜੀਆਂ ਗਈਆਂ ਸਨ।
---
ਧਮਕੀ ਭਰੀ ਈ-ਮੇਲ ਵਿਚ ਕੀਤੀ ਭੜਕਾਊ ਸ਼ਬਦਾਂ ਦੀ ਵਰਤੋਂ
ਧਮਕੀ ਭਰੀ ਈ-ਮੇਲ ਵਿੱਚ ਆਪਣੇ ਆਪ ਨੂੰ ‘ਖਾਲਿਸਤਾਨ ਨੈਸ਼ਨਲ ਆਰਮੀ’ ਨਾਲ ਜੋੜਦੇ ਹੋਏ ਭੇਜਣ ਵਾਲਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਖ਼ਿਲਾਫ਼ ਭੜਕਾਊ ਸ਼ਬਦ ਵਰਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਦਿੰਦਿਆਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਾਲੇ ਹਸ਼ਰ ਦੀ ਗੱਲ ਕਹੀ ਗਈ। ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਹੋਰ ਅਧਿਕਾਰੀਆਂ ਬਾਰੇ ਵੀ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ। ਈ-ਮੇਲ ਵਿੱਚ ਇਹ ਵੀ ਲਿਖਿਆ ਗਿਆ ਕਿ ‘ਖਾਲਿਸਤਾਨੀ ਬੱਚਿਆਂ ਦੇ ਵਿਰੋਧੀ ਨਹੀਂ ਹਨ, ਆਪਣੇ ਬੱਚਿਆਂ ਨੂੰ ਬਚਾ ਲਵੋ।’ ਇਸ ਤੋਂ ਇਲਾਵਾ ਹਲਵਾਰਾ ਹਵਾਈ ਅੱਡੇ ਦੀ ਪਾਰਕਿੰਗ ਨੂੰ ਉਡਾਉਣ ਅਤੇ ਧੂਰੀ ਤੋਂ ਦਿੱਲੀ ਰੂਟ ’ਤੇ ਚੱਲਣ ਵਾਲੀਆਂ ਰੇਲ ਗੱਡੀਆਂ ਅਤੇ ਪਟੜੀਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੱਤੀ ਗਈ।