Drug Trafficking in Jail : 'ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੀ...', ਲੁਧਿਆਣਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਸਣੇ ਤਿੰਨ ਗ੍ਰਿਫ਼ਤਾਰ; ਜੇਲ੍ਹ ਅੰਦਰ ਨਸ਼ੀਲੇ ਪਦਾਰਥ ਪਹੁੰਚਾਉਣ ਦਾ ਮਾਮਲਾ
ਲੁਧਿਆਣਾ ਦੇ ਸੈਂਟਰਲ ਜੇਲ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਸੁਪਰਡੈਂਟ ਦੀ ਮਿਲੀਭੁਗਤ ਨਾਲ ਜੇਲ੍ਹ ਦੇ ਅੰਦਰ ਨਸ਼ੀਲੇ ਪਦਾਰਥ ਅਤੇ ਇਤਰਾਜ਼ਯੋਗ ਸਮਗਰੀ ਪਹੁੰਚਾਈ ਜਾ ਰਹੀ ਸੀ।
Publish Date: Sun, 12 Oct 2025 06:31 PM (IST)
Updated Date: Sun, 12 Oct 2025 06:40 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਸੈਂਟਰਲ ਜੇਲ੍ਹ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਸੁਪਰਟੈਂਡੈਂਟ ਦੀ ਮਿਲੀਭੁਗਤ ਨਾਲ ਜੇਲ੍ਹ ਦੇ ਅੰਦਰ ਨਸ਼ੀਲੇ ਪਦਾਰਥ ਅਤੇ ਇਤਰਾਜ਼ਯੋਗ ਸਮੱਗਰੀ ਪਹੁੰਚਾਈ ਜਾ ਰਹੀ ਸੀ। ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਜੇਲ੍ਹ ਦੇ ਸਹਾਇਕ ਸੁਪਰਟੈਂਡੈਂਟ ਸੁਖਵਿੰਦਰ ਸਿੰਘ ਸਮੇਤ ਦੋ ਅੰਡਰਟ੍ਰਾਇਲ ਕੈਦੀਆਂ ਫ਼ਿਰੋਜ਼ੁੱਦੀਨ ਤੇ ਦੀਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਮਾਮਲਾ ਉਸ ਵੇਲੇ ਬੇਨਕਾਬ ਹੋਇਆ ਜਦੋਂ ਡੀਐਸਪੀ ਸਿਕਿਉਰਿਟੀ ਜਗਜੀਤ ਸਿੰਘ ਨੇ ਜੇਲ੍ਹ ਦਾ ਅਚਾਨਕ ਨਿਰੀਖਣ ਕੀਤਾ। ਤਲਾਸ਼ੀ ਦੌਰਾਨ ਜੇਲ੍ਹ ਵਿੱਚੋਂ ਇੱਕ ਐੱਲਈਡੀ ਦੀ ਲਾਈਟ ਨਾਲ ਡਬਲ ਟੇਪ ਨਾਲ ਚਿਪਕਾਈਆਂ ਹੋਈਆਂ ਕੁਝ ਵਸਤੂਆਂ ਮਿਲੀਆਂ, ਜਿਨ੍ਹਾਂ ਵਿੱਚ ਨਸ਼ੀਲਾ ਪਾਊਡਰ ਤੇ ਮੋਬਾਈਲ ਫੋਨ ਸ਼ਾਮਲ ਸਨ।
ਤਲਾਸ਼ੀ ਦੌਰਾਨ 84 ਗ੍ਰਾਮ ਭੂਰੇ ਰੰਗ ਦਾ ਤੇ 121 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਗਏ । ਡੀਐਸਪੀ ਜਗਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਸਮਾਨ ਹਵਾਲਾਤੀ ਫ਼ਿਰੋਜ਼ੁੱਦੀਨ ਤੇ ਦੀਪਕ ਦਾ ਹੈ, ਜਿਨ੍ਹਾਂ ਨੇ ਸਾਜ਼ਿਸ਼ ਰਚ ਕੇ ਇਹ ਸਾਮਾਨ ਜੇਲ੍ਹ ਵਿਚ ਪਹੁੰਚਾਇਆ। ਦੋਵੇਂ ਹਵਾਲਾਤੀਆਂ ਨੇ ਕਬੂਲਿਆ ਕਿ ਇਹ ਇਤਰਾਜ਼ਯੋਗ ਸਮੱਗਰੀ ਉਨ੍ਹਾਂ ਤੱਕ ਸਹਾਇਕ ਸੁਪਰਟੈਂਡੈਂਟ ਸੁਖਵਿੰਦਰ ਸਿੰਘ ਰਾਹੀਂ ਪਹੁੰਚਾਈ ਗਈ।
ਜੇਲ੍ਹ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਤਿੰਨਾਂ ਖ਼ਿਲਾਫ਼ ਜੇਲ੍ਹ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।