Ludhiana News : ਪਾਵਰਕਾਮ ਦਫ਼ਤਰ ’ਚ ਵਿਜੀਲੈਂਸ ਦਾ ਛਾਪਾ, ਦੋ ਐੱਸਡੀਓ ਸਣੇ ਤਿੰਨ ਅਧਿਕਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ
ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦੋ ਐੱਸਡੀਓ ਅਤੇ ਇਕ ਕਲਰਕ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
Publish Date: Sat, 16 May 2026 09:25 PM (IST)
Updated Date: Sat, 16 May 2026 09:27 PM (IST)
ਪੰਜਾਬੀ ਜਾਗਰਣ ਟੀਮ, ਲੁਧਿਆਣਾ : ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦੋ ਐੱਸਡੀਓ ਅਤੇ ਇਕ ਕਲਰਕ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਐੱਸਡੀਓ ਜਸਕੰਵਰਪ੍ਰੀਤ ਸਿੰਘ, ਐੱਸਡੀਓ ਸ਼੍ਰੁਤੀ ਸ਼ਰਮਾ ਅਤੇ ਕਲਰਕ ਆਸ਼ੂ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ ਪੰਜਾਬ ਦੀ ਆਰਥਿਕ ਅਪਰਾਧ ਸ਼ਾਖਾ ਨੇ ਤਿੰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਲੁਧਿਆਣਾ ਦੇ ਰਹਿਣ ਵਾਲੇ ਪ੍ਰਿੰਸ ਨਿਝਾਵਨ ਦੀ ਸ਼ਿਕਾਇਤ ’ਤੇ ਕੀਤੀ ਗਈ। ਪ੍ਰਿੰਸ ਸੌਰ ਊਰਜਾ ਸਿਸਟਮ ਲਗਾਉਣ ਦਾ ਕੰਮ ਕਰਦਾ ਹੈ। ਉਸ ਨੇ ਦੋ ਥਾਵਾਂ ’ਤੇ ਸੌਰ ਸਿਸਟਮ ਲਗਾਏ ਸਨ, ਜਿਨ੍ਹਾਂ ਦੀ ਜਾਂਚ ਕਰਕੇ ਪਾਵਰਕਾਮ ਵੱਲੋਂ ਮੀਟਰ ਲਗਾਏ ਜਾਣੇ ਸਨ। ਦੋਸ਼ ਹੈ ਕਿ ਸੰਬੰਧਿਤ ਫਾਈਲਾਂ ਕਲੀਅਰ ਕਰਨ ਅਤੇ ਜਾਂਚ ਰਿਪੋਰਟ ਤਿਆਰ ਕਰਨ ਦੇ ਬਦਲੇ ਅਧਿਕਾਰੀਆਂ ਨੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਹਰ ਫਾਈਲ ਲਈ 10-10 ਹਜ਼ਾਰ ਰੁਪਏ ਤੈਅ ਕੀਤੇ ਗਏ ਸਨ।
ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਨਾਲ ਸੰਪਰਕ ਕਰਨ ਤੋਂ ਬਾਅਦ ਟੀਮ ਨੇ ਜਾਲ ਵਿਛਾਇਆ। ਸ਼ਿਕਾਇਤਕਰਤਾ ਨੂੰ ਪਹਿਲੀ ਕਿਸ਼ਤ ਵਜੋਂ 10 ਹਜ਼ਾਰ ਰੁਪਏ ਦੇ ਕੇ ਅਧਿਕਾਰੀਆਂ ਕੋਲ ਭੇਜਿਆ ਗਿਆ। ਜਿਵੇਂ ਹੀ ਰਕਮ ਦਿੱਤੀ ਗਈ, ਪਹਿਲਾਂ ਤੋਂ ਤਾਇਨਾਤ ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਹੁਣ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਅਤੇ ਦਫ਼ਤਰੀ ਫਾਈਲਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਪਹਿਲਾਂ ਵੀ ਗੈਰਕਾਨੂੰਨੀ ਵਸੂਲੀ ਵਿੱਚ ਸ਼ਾਮਲ ਰਹੇ ਹਨ ਜਾਂ ਨਹੀਂ।