Ludhiana News: ਸ਼ਿਕਾਇਤ ਦੀ ਜਾਂਚ ਲਈ ਗਈ ਪੁਲਿਸ ਟੀਮ ’ਤੇ ਹਮਲਾ, ਵਿਹੜੇ ’ਚ ਖਿੱਚ ਕੇ ਕੀਤੀ ਕੁੱਟਮਾਰ; ਕਈ ਮੁਲਾਜ਼ਮ ਜ਼ਖ਼ਮੀ
ਥਾਣਾ ਲਾਡੋਵਾਲ ’ਚ ਤਾਇਨਾਤ ਸਿਪਾਹੀ ਸੰਦੀਪ ਨੇ ਦੱਸਿਆ ਕਿ ਪੁਲਿਸ ਟੀਮ ਮਨਜੀਤ ਸਿੰਘ ਖ਼ਿਲਾਫ਼ ਮਿਲੀਆਂ ਦੋ ਵੱਖ-ਵੱਖ ਸ਼ਿਕਾਇਤਾਂ ਦੀ ਜਾਂਚ ਲਈ ਮੌਕੇ ’ਤੇ ਗਈ ਸੀ। ਪੁੱਛਗਿੱਛ ਦੌਰਾਨ ਮਨਜੀਤ ਸਿੰਘ ਗੁੱਸੇ ’ਚ ਆ ਗਿਆ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾ ਲਿਆ।
Publish Date: Sat, 09 May 2026 08:21 PM (IST)
Updated Date: Sat, 09 May 2026 08:25 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਲਾਡੋਵਾਲ ਇਲਾਕੇ ਅਧੀਨ ਪੈਂਦੇ ਪਿੰਡ ਰਜਾਪੁਰ ’ਚ ਜਾਂਚ ਕਰਨ ਗਈ ਪੁਲਿਸ ਟੀਮ ’ਤੇ ਹਮਲਾ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋ ਸ਼ਿਕਾਇਤਾਂ ਦੀ ਜਾਂਚ ਲਈ ਪਹੁੰਚੇ ਪੁਲਿਸ ਕਰਮਚਾਰੀਆਂ ਨੂੰ ਘਰ ਦੇ ਵਿਹੜੇ ’ਚ ਖਿੱਚ ਕੇ ਇੱਟਾਂ, ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਨਿਸ਼ਾਨਾਂ ਬਣਾਇਆ ਗਿਆ। ਹਮਲੇ ਦੌਰਾਨ ਕਈ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਥਾਣਾ ਲਾਡੋਵਾਲ ’ਚ ਤਾਇਨਾਤ ਸਿਪਾਹੀ ਸੰਦੀਪ ਨੇ ਦੱਸਿਆ ਕਿ ਪੁਲਿਸ ਟੀਮ ਮਨਜੀਤ ਸਿੰਘ ਖ਼ਿਲਾਫ਼ ਮਿਲੀਆਂ ਦੋ ਵੱਖ-ਵੱਖ ਸ਼ਿਕਾਇਤਾਂ ਦੀ ਜਾਂਚ ਲਈ ਮੌਕੇ ’ਤੇ ਗਈ ਸੀ। ਪੁੱਛਗਿੱਛ ਦੌਰਾਨ ਮਨਜੀਤ ਸਿੰਘ ਗੁੱਸੇ ’ਚ ਆ ਗਿਆ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾ ਲਿਆ। ਦੋਸ਼ ਹੈ ਕਿ ਇਸ ਦੌਰਾਨ ਪੁਲਿਸ ਨਾਲ ਤਕਰਾਰ ਸ਼ੁਰੂ ਹੋ ਗਈ ਅਤੇ ਇਕ ਪੁਲਿਸ ਮੁਲਾਜ਼ਮ ਨੂੰ ਜ਼ਬਰਦਸਤੀ ਫੜ ਕੇ ਘਰ ਦੇ ਵੇਹੜੇ ਵੱਲ ਖਿੱਚ ਲਿਆ ਗਿਆ।
ਪੁਲਿਸ ਮੁਤਾਬਕ ਉੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਨੇ ਟੀਮ ਨੂੰ ਘੇਰ ਕੇ ਧੱਕਾ-ਮੁੱਕੀ ਕੀਤੀ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੇ ਇੱਟਾਂ, ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕੁਲਵਿੰਦਰ ਕੌਰ ‘ਤੇ ਇੱਕ ਪੁਲਿਸ ਅਧਿਕਾਰੀ ਉੱਤੇ ਇੱਟ ਨਾਲ ਵਾਰ ਕਰਨ ਦੇ ਦੋਸ਼ ਹਨ। ਹੰਗਾਮੇ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਮਾਮਲੇ ਤੋਂ ਬਾਅਦ ਥਾਣਾ ਲਾਡੋਵਾਲ ਪੁਲਿਸ ਨੇ ਮਨਜੀਤ ਸਿੰਘ, ਹਰਜੋਤ ਸਿੰਘ, ਕੁਲਵਿੰਦਰ ਕੌਰ, ਲਾਲੋ ਬਾਈ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਹਮਲਾ ਕਰਨ, ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।