ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਮਈ ਨੂੰ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੀ ਕਾਰਵਾਈ ਦੌਰਾਨ ਫਿਲੌਰ ਦੇ ਰਹਿਣ ਵਾਲੇ ਅਨੁਰਾਜ ਉਰਫ਼ ਗੌਰਵ ਮਸੀਹ ਅਤੇ ਅੰਕੁਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਤਿੰਨ ਅਤਿਆਧੁਨਿਕ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਪੁਲਿਸ ਨੇ ਵਿਦੇਸ਼ ਬੈਠੇ ਅੱਤਵਾਦੀ-ਗੈਂਗਸਟਰ ਗਠਜੋੜ ਦੇ ਵਿਸਫੋਟਕ ਸਪਲਾਈ ਨੈੱਟਵਰਕ ਨੂੰ ਤੋੜਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਲੁਧਿਆਣਾ ਪੁਲਿਸ ਕਮਿਸ਼ਨਰੇਟ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਕਾਰਵਾਈ ਦੌਰਾਨ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਫੌਜੀ ਦਰਜੇ ਦੇ ਦੋ ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਹੋਏ ਹਨ। ਪੁਲਿਸ ਅਨੁਸਾਰ ਇਸ ਕਾਰਵਾਈ ਨਾਲ ਪੰਜਾਬ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਦੀਪ ਸਿੰਘ ਉਰਫ਼ ਕਰਨ ਵਾਸੀ ਪਿੰਡ ਖੈਰਦੀਨ ਕੇ, ਤਰਨਤਾਰਨ ਅਤੇ ਬਲਜੀਤ ਸਿੰਘ ਉਰਫ਼ ਸੰਜੂ ਵਾਸੀ ਮੁਹੱਲਾ ਪੁਰਾਣੀ ਬਸਤੀ ਰੂਪਾਲਾ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਕਰਨਦੀਪ ਖ਼ਿਲਾਫ਼ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ, ਜਦਕਿ ਬਲਜੀਤ ‘ਤੇ ਵੀ ਨਸ਼ਾ ਤਸਕਰੀ ਨਾਲ ਜੁੜਿਆ ਕੇਸ ਦਰਜ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਮਈ ਨੂੰ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੀ ਕਾਰਵਾਈ ਦੌਰਾਨ ਫਿਲੌਰ ਦੇ ਰਹਿਣ ਵਾਲੇ ਅਨੁਰਾਜ ਉਰਫ਼ ਗੌਰਵ ਮਸੀਹ ਅਤੇ ਅੰਕੁਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਤਿੰਨ ਅਤਿਆਧੁਨਿਕ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਵਿਦੇਸ਼ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚ ਜਰਮਨੀ ਵਿੱਚ ਬੈਠੇ ਲੱਖਾ ਅਤੇ ਜੋਰਾਵਰ ਸਿੰਘ, ਅਤੇ ਦੁਬਈ ਅਧਾਰਿਤ ਸਾਹਿਲ ਸੋੰਧੀ ਉਰਫ਼ ਚੁੰਜ ਦੇ ਨਾਮ ਸਾਹਮਣੇ ਆਏ ਹਨ। ਜਾਂਚ ਅੱਗੇ ਵਧਾਉਂਦਿਆਂ ਪੁਲਿਸ ਕਰਨਦੀਪ ਅਤੇ ਬਲਜੀਤ ਤੱਕ ਪਹੁੰਚੀ, ਜਿਨ੍ਹਾਂ ਕੋਲੋਂ ਦੋ ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ।
ਹਾਈ ਪ੍ਰੋਫਾਈਲ ਹਮਲਿਆਂ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ ਗਿਰੋਹ
ਪੁਲਿਸ ਦਾ ਦਾਅਵਾ ਹੈ ਕਿ ਇਹ ਗਿਰੋਹ ਪੰਜਾਬ ਅਤੇ ਹਰਿਆਣਾ ਵਿੱਚ ਟਾਰਗੇਟ ਕਿਲਿੰਗ ਅਤੇ ਹਾਈ-ਪ੍ਰੋਫ਼ਾਈਲ ਹਮਲਿਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਪੰਜਾਬ ਵਿੱਚ ਵੱਡਾ ਅੱਤਵਾਦੀ ਹਮਲਾ ਟਲ ਗਿਆ ਹੈ।
ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਨੈਟਵਰਕ ਨਾਲ ਜੋੜੇ ਸਨ ਮੁਲਜਮ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਲੇਸ਼ੀਆ ਵਿੱਚ ਬੈਠਾ ਗੈਂਗਸਟਰ ਆਕਾਸ਼ਦੀਪ ਉਰਫ਼ ਗੋਲਡਨ, ਜੋ ਤਰਨਤਾਰਨ ਦੇ ਪਿੰਡ ਖੈਰਦੀਨ ਕੇ ਦਾ ਰਹਿਣ ਵਾਲਾ ਹੈ, ਨੇ ਹੀ ਕਰਨਦੀਪ ਨੂੰ ਇਸ ਨੈੱਟਵਰਕ ਨਾਲ ਜੋੜਿਆ ਸੀ। ਪੁਲਿਸ ਅਨੁਸਾਰ ਆਕਾਸ਼ਦੀਪ ਦੇ ਦੁਬਈ ਅਧਾਰਿਤ ਗੈਂਗਸਟਰ ਸਾਹਿਲ ਸੋੰਧੀ ਨਾਲ ਵੀ ਨਜ਼ਦੀਕੀ ਸੰਪਰਕ ਹਨ।
ਪੁਲਿਸ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਦੇਸ਼ੀ ਨੈੱਟਵਰਕ ਨਾਲ ਜੁੜੇ ਸਥਾਨਕ ਸਹਿਯੋਗੀਆਂ ਅਤੇ ਲੋਜਿਸਟਿਕ ਸਪੋਰਟ ਸਿਸਟਮ ਦੀ ਪਛਾਣ ਕਰਕੇ ਪੂਰੇ ਮਾਡਿਊਲ ਨੂੰ ਤੋੜਨ ਲਈ ਅਗਲੇ ਕਦਮ ਚੁੱਕੇ ਜਾ ਰਹੇ ਹਨ।