ਸਥਾਨਕ ਹੈਬੋਵਾਲ ਕਲਾ ਸੰਗਮ ਚੌਕ ਦੇ ਨਜ਼ਦੀਕ ਮੁਹੱਲਾ ਸੁਰਜੀਤ ਇਨਕਲੇਵ ਇਲਾਕੇ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ 'ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਉਕਤ ਘਟਨਾ ਵਿੱਚ ਕਰੇਟਾ ਮਾਡਲ ਦੀ ਕਾਰ ਦਾ ਇੰਜਣ ਅਤੇ ਅਗਲਾ ਹਿੱਸਾ ਸੜ ਕੇ ਸੁਆਹ ਹੋ ਗਿਆ।
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਹੈਬੋਵਾਲ ਕਲਾ ਸੰਗਮ ਚੌਕ ਦੇ ਨਜ਼ਦੀਕ ਮੁਹੱਲਾ ਸੁਰਜੀਤ ਇਨਕਲੇਵ ਇਲਾਕੇ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ 'ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਉਕਤ ਘਟਨਾ ਵਿੱਚ ਕਰੇਟਾ ਮਾਡਲ ਦੀ ਕਾਰ ਦਾ ਇੰਜਣ ਅਤੇ ਅਗਲਾ ਹਿੱਸਾ ਸੜ ਕੇ ਸੁਆਹ ਹੋ ਗਿਆ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਸੁਰਜੀਤ ਇਨਕਲੇਵ ਦੇ ਰਹਿਣ ਵਾਲੇ ਸਾਰਥਕ ਮਲਹੋਤਰਾ ਦੇ ਬਿਆਨ 'ਤੇ ਪਰਚਾ ਦਰਜ ਕਰਕੇ ਵਾਰਦਾਤ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਾਰਥਕ ਮਲਹੋਤਰਾ ਮੁਤਾਬਕ ਉਹ ਪੇਸ਼ੇ ਤੋਂ ਹੌਜ਼ਰੀ ਕਾਰੋਬਾਰ ਕਰਦਾ ਹੈ ਅਤੇ ਸੰਗਮ ਚੌਕ ਦੇ ਨਜ਼ਦੀਕ ਮੁਹੱਲਾ ਸੁਰਜੀਤ ਕਲੋਨੀ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ। 26 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਸ ਦੀ ਸਫ਼ੈਦ ਰੰਗ ਦੀ ਕਰੇਟਾ ਕਾਰ ਰੋਜ਼ ਦੀ ਤਰ੍ਹਾਂ ਘਰ ਦੇ ਨਜ਼ਦੀਕ ਬਾਹਰ ਗਲ਼ੀ ਵਿੱਚ ਪਾਰਕ ਕੀਤੀ ਹੋਈ ਸੀ। ਤੜਕੇ ਕਰੀਬ 3 ਵਜੇ ਅਚਾਨਕ ਉਹਨਾਂ ਨੂੰ ਗਲੀ ਵਿੱਚੋਂ ਤੇਜ ਰੋਸ਼ਨੀ ਅਤੇ ਧਮਾਕੇ ਹੋਣ ਦੀ ਆਵਾਜ਼ ਆਈ। ਜਦ ਉਹ ਬਾਹਰ ਨਿਕਲੇ ਤਾਂ ਵੇਖਿਆ ਕਿ ਉਹਨਾਂ ਦੀ ਕਰੇਟਾ ਕਾਰ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਸੀ। ਉਹਨਾਂ ਰੌਲ਼ਾ ਪਾਇਆ ਤਾਂ ਆਂਢੀਆਂ-ਗੁਆਂਢੀਆਂ ਨੇ ਬਾਹਰ ਆ ਕੇ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕੀਤੀ। ਜਦੋਂ ਤੱਕ ਅੱਗ ਉੱਪਰ ਕਾਬੂ ਪਾਇਆ ਜਾਂਦਾ ਉਸ ਵੇਲੇ ਤੱਕ ਉਹਨਾਂ ਦੀ ਕਾਰ ਦਾ ਅਗਲਾ ਹਿੱਸਾ ਸੜ ਕੇ ਸੁਆਹ ਹੋ ਚੁੱਕਾ ਸੀ। ਕਾਰ ਮਾਲਕ ਮੁਤਾਬਕ ਉਹਨਾਂ ਦੀ ਨਾ ਤਾਂ ਕਿਸੇ ਨਾਲ ਕੋਈ ਕਾਰੋਬਾਰੀ ਰੰਜਿਸ਼ ਹੈ ਅਤੇ ਨਾ ਹੀ ਕੋਈ ਪਰਿਵਾਰਕ ਝਗੜਾ ਜਿਸ ਦੇ ਚਲਦੇ ਉਹਨਾਂ ਨਾਲ ਇਹ ਵਾਰਦਾਤ ਅੰਜਾਮ ਦਿੱਤੀ ਗਈ। ਫਿਲਹਾਲ ਚੌਕੀ ਜਗਤਪੁਰੀ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਕਾਰ ਨੂੰ ਅੱਗ ਲਗਾਉਣ ਵਾਲੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।
ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਏ ਬਦਮਾਸ਼
ਹੌਜ਼ਰੀ ਕਾਰੋਬਾਰੀ ਸਾਰਥਕ ਮਲਹੋਤਰਾ ਮੁਤਾਬਕ ਜਦ ਉਹਨਾਂ ਗਲੀ ਵਿੱਚ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਤੜਕੇ ਤਿੰਨ ਵਜੇ ਤੋਂ ਬਾਅਦ ਐਕਟਿਵਾ 'ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਵੱਲੋਂ ਇਹ ਵਾਰਦਾਤ ਅੰਜਾਮ ਦਿੱਤੀ ਗਈ ਸੀ। ਇੱਕ ਵਿਅਕਤੀ ਐਕਟਿਵਾ ਤੋਂ ਉਤਰਿਆ ਜਿਸ ਨੇ ਆਪਣੇ ਹੱਥ ਵਿੱਚ ਫੜੀ ਪੈਟਰੋਲ ਵਰਗੀ ਜਲਸ਼ੀਲ ਪਦਾਰਥ ਨੂੰ ਕਾਰ ਦੇ ਅਗਲੇ ਹਿੱਸੇ ਉੱਪਰ ਛਿੜਕਿਆ ਅਤੇ ਮਾਚਸ ਦੀ ਤੀਲੀ ਨਾਲ ਅੱਗ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ। ਬਦਮਾਸ਼ ਭੱਜਦੇ ਹੋਏ ਮਾਚਿਸ ਵੀ ਉੱਥੇ ਹੀ ਛੱਡ ਗਏ। ਪੀੜਤ ਮੁਤਾਬਕ ਕਰੀਬ ਛੇ ਮਹੀਨੇ ਪਹਿਲਾਂ ਵੀ ਗਲ਼ੀ ਵਿੱਚ ਖੜ੍ਹੀ ਕਾਰ ਨੂੰ ਕਿਸੇ ਬਦਮਾਸ਼ ਨੇ ਇੱਟਾਂ ਰੋੜੇ ਮਾਰ ਕੇ ਤੋੜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕਰੀਬ ਛੇ ਮਹੀਨੇ ਬਾਅਦ ਲਗਪਗ ਉਸੀ ਸਮੇਂ ਦੁਬਾਰਾ ਬਦਮਾਸ਼ਾਂ ਨੇ ਉਸ ਦੀ ਪਤਨੀ ਦੀ ਕਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।