Ludhiana News : ਚਿੱਟੇ ਦਿਨ ਮਹਿਲਾ ਲੈਕਚਰਾਰ ਤੋਂ ਪਰਸ ਲੁੱਟ ਕੇ ਫ਼ਰਾਰ ਹੋਏ ਬਦਮਾਸ਼, ਦੁਗਰੀ ਇਲਾਕੇ 'ਚ ਵਾਪਰੀ ਘਟਨਾ
ਦੁਗਰੀ ਇਲਾਕੇ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਲੁੱਟ ਦੀ ਇਕ ਹੈਰਾਨ ਕਰ ਦੇਣ ਵਾਲੀ ਵਾਰਦਾਤ ਵਾਪਰੀ। ਬਾਈਕ ਸਵਾਰ ਦੋ ਬਦਮਾਸ਼ ਇੱਕ ਮਹਿਲਾ ਲੈਕਚਰਾਰ ਦਾ ਪਰਸ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਆਪਣੀ ਐਕਟਿਵਾ 'ਤੇ ਘਰ ਵਾਪਸ ਜਾ ਰਹੀ ਸੀ।
Publish Date: Sat, 02 May 2026 09:10 PM (IST)
Updated Date: Sat, 02 May 2026 09:15 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਦੁਗਰੀ ਇਲਾਕੇ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਲੁੱਟ ਦੀ ਇਕ ਹੈਰਾਨ ਕਰ ਦੇਣ ਵਾਲੀ ਵਾਰਦਾਤ ਵਾਪਰੀ। ਬਾਈਕ ਸਵਾਰ ਦੋ ਬਦਮਾਸ਼ ਇੱਕ ਮਹਿਲਾ ਲੈਕਚਰਾਰ ਦਾ ਪਰਸ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਆਪਣੀ ਐਕਟਿਵਾ 'ਤੇ ਘਰ ਵਾਪਸ ਜਾ ਰਹੀ ਸੀ।
ਪੀੜਤ ਮਹਿਲਾ ਦੀ ਪਛਾਣ ਰਪਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਦੁਗਰੀ ਫੇਜ਼-2 ਦੀ ਰਹਿਣ ਵਾਲੀ ਹੈ ਅਤੇ ਇੱਕ ਸਰਕਾਰੀ ਸਕੂਲ ਵਿੱਚ ਲੈਕਚਰਾਰ ਦੇ ਤੌਰ ‘ਤੇ ਕੰਮ ਕਰਦੀ ਹੈ। ਜਾਣਕਾਰੀ ਮੁਤਾਬਕ, ਰਪਵਿੰਦਰ ਕੌਰ ਸ਼ਨੀਵਾਰ ਨੂੰ ਸਕੂਲ ਤੋਂ ਛੁੱਟੀ ਮਗਰੋਂ ਪਹਿਲਾਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਈ ਅਤੇ ਬਾਅਦ ਜਦੋਂ ਉਹ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਘਰ ਵੱਲ ਨੂੰ ਚੱਲ ਪਈ। ਔਰਤ ਜਿਵੇਂ ਹੀ ਦੁਗਰੀ ਥਾਣੇ ਦੇ ਨੇੜੇ ਪਹੁੰਚੀ, ਪਿੱਛੋਂ ਆਏ ਬਾਈਕ ਸਵਾਰ ਦੋ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਔਰਤ ਦੇ ਮੁਤਾਬਿਕ ਬਾਈਕ ਦੇ ਪਿੱਛੇ ਬੈਠੇ ਮੁਲਜ਼ਮ ਨੇ ਅਚਾਨਕ ਝਪਟਾ ਮਾਰ ਕੇ ਐਕਟਿਵਾ ਦੇ ਅੱਗੇ ਫੁੱਟ ਸਪੇਸ ਵਿੱਚ ਰੱਖਿਆ ਪਰਸ ਚੁੱਕ ਲਿਆ ਅਤੇ ਦੋਵੇਂ ਮੁਲਜ਼ਮ ਤੁਰੰਤ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਮਹਿਲਾ ਨੂੰ ਸੰਭਲਣ ਦਾ ਵੀ ਮੌਕਾ ਨਾ ਮਿਲਿਆ।
ਲੁੱਟੇ ਗਏ ਪਰਸ ਵਿੱਚ ਇੱਕ ਆਈਫੋਨ, ਇੱਕ ਸੈਮਸੰਗ ਮੋਬਾਈਲ ਫੋਨ, ਕੁਝ ਨਕਦੀ, ਵਿਭਾਗੀ ਸਰਕਾਰੀ ਆਈਡੀ ਕਾਰਡ, ਆਧਾਰ ਕਾਰਡ, ਕਾਰ ਦੀ ਆਰਸੀ ਅਤੇ ਏਟੀਐਮ ਕਾਰਡ ਸਮੇਤ ਕਈ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਵਾਰਦਾਤ ਤੋਂ ਬਾਅਦ ਮਹਿਲਾ ਨੇ ਉੱਚੀ ਆਵਾਜ਼ ਵਿੱਚ ਰੌਲਾ ਪਾਇਆ ਅਤੇ ਮੌਕੇ ‘ਤੇ ਮੌਜੂਦ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ।
ਸਥਾਨਕ ਲੋਕਾ ਦੀ ਮਦਦ ਨਾਲ ਮਹਿਲਾ ਨੇ ਤੁਰੰਤ ਆਪਣੇ ਪਤੀ ਸਤਿੰਦਰ ਪਾਲ ਸਿੰਘ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ, ਜੋ ਕੁਝ ਹੀ ਸਮੇਂ ਵਿੱਚ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਥਾਣਾ ਦੁਗਰੀ ਵਿੱਚ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਸ ਦਰਜ ਕਰ ਲਿਆ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਇਲਾਕੇ ਵਿੱਚ ਨਾਕਾਬੰਦੀ ਕਰਕੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।