Ludhiana News: ਖੰਨਾ ’ਚ ਮਜ਼ਦੂਰ ਨੂੰ ਸਾਰੀ ਰਾਤ ਨੋਚਦੇ ਰਹੇ ਖੂੰਖਾਰ ਕੁੱਤੇ, ਮੌਤ ਤੋਂ ਬਾਅਦ ਪ੍ਰਸ਼ਾਸਨ ਦੀ ਲਾਪਰਵਾਹੀ ’ਤੇ ਫੁੱਟਿਆ ਲੋਕਾਂ ਦਾ ਗੁੱਸਾ
ਖੰਨਾ ਦੇ ਨੇੜਲੇ ਪਿੰਡ ਰਸੂਲੜਾ ’ਚ ਸਾਹਮਣੇ ਆਈ, ਜਿੱਥੇ ਇੱਕ ਮਜ਼ਦੂਰ ਨੂੰ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਾਮ ਈਸ਼ਵਰ ਰਾਤ ਸਮੇਂ ਖੇਤਾਂ ਵੱਲ ਗਿਆ ਸੀ, ਜਿੱਥੇ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਉਸਨੂੰ ਸਾਰੀ ਰਾਤ ਨੋਚਦੇ ਰਹੇ।
Publish Date: Wed, 13 May 2026 08:12 PM (IST)
Updated Date: Wed, 13 May 2026 08:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਖੰਨਾ ਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਆਵਾਰਾ ਤੇ ਆਦਮਖੋਰ ਬਣ ਚੁੱਕੇ ਕੁੱਤਿਆਂ ਦਾ ਖੌਫ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਦੀ ਬੇਧਿਆਨੀ ਤੇ ਨਗਰ ਕੌਂਸਲ ਦੀ ਨਾਕਾਮੀ ਕਾਰਨ ਹੁਣ ਹਾਲਾਤ ਇੰਨੇ ਖ਼ਤਰਨਾਕ ਹੋ ਚੁੱਕੇ ਹਨ ਕਿ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਤਾਜ਼ਾ ਘਟਨਾ ਖੰਨਾ ਦੇ ਨੇੜਲੇ ਪਿੰਡ ਰਸੂਲੜਾ ’ਚ ਸਾਹਮਣੇ ਆਈ, ਜਿੱਥੇ ਇੱਕ ਮਜ਼ਦੂਰ ਨੂੰ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮਾਰ ਦਿੱਤਾ।
ਮ੍ਰਿਤਕ ਦੀ ਪਛਾਣ 35 ਸਾਲਾ ਰਾਮ ਈਸ਼ਵਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਈਸ਼ਵਰ ਰਾਤ ਸਮੇਂ ਖੇਤਾਂ ਵੱਲ ਗਿਆ ਸੀ, ਜਿੱਥੇ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਉਸਨੂੰ ਸਾਰੀ ਰਾਤ ਨੋਚਦੇ ਰਹੇ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਪਿਤਾ ਜਦੋਂ ਖੇਤਾਂ ਵੱਲ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਕੁੱਤੇ ਰਾਮ ਈਸ਼ਵਰ ਦੀ ਦੇਹ ਨੂੰ ਖਾ ਰਹੇ ਸਨ। ਉਸਨੇ ਤੁਰੰਤ ਲੋਕਾਂ ਨੂੰ ਇਕੱਠੇ ਕੀਤਾ, ਜਿਸ ਤੋਂ ਬਾਅਦ ਕੁੱਤੇ ਭਜਾਏ ਗਏ। ਉਦੋਂ ਤੱਕ ਦੇਰ ਹੋ ਚੁੱਕੀ ਸੀ ਕੁੱਤੇ ਰਾਮ ਈਸ਼ਵਰ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਨੋਚ ਚੁੱਕੇ ਸਨ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਲੋਕ ਆਵਾਰਾ ਕੁੱਤਿਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਖੰਨਾ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਕੂੜੇ ਦਾ ਡੰਪ ਇਨ੍ਹਾਂ ਕੁੱਤਿਆਂ ਦੀ ਵੱਧ ਰਹੀ ਗਿਣਤੀ ਦਾ ਮੁੱਖ ਕਾਰਨ ਹੈ।