Ludhiana News : ਧੀ ਦੀ ਭਾਲ ਲਈ ਥਾਣੇ ਪਹੁੰਚੇ ਪਿਤਾ ਤੋਂ ASI ਨੇ ਮੰਗੀ ਰਿਸ਼ਵਤ, ਵਿਜੀਲੈਂਸ ਨੇ 14 ਹਜ਼ਾਰ ਰੁਪਏ ਸਮੇਤ ਕੀਤਾ ਗ੍ਰਿਫ਼ਤਾਰ
ਵਿਜੀਲੈਂਸ ਬਿਊਰੋ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮਾਮਲਾ ਇੱਕ ਗੁੰਮ ਹੋਈ ਬੇਟੀ ਦੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ, ਜਿੱਥੇ ਇੱਕ ਪਰੇਸ਼ਾਨ ਪਿਤਾ ਆਪਣੀ ਧੀ ਦੀ ਭਾਲ ਲਈ ਇਨਸਾਫ਼ ਮੰਗਣ ਪੁਲਿਸ ਕੋਲ ਪਹੁੰਚਿਆ ਸੀ, ਪਰ ਉਸ ਨੂੰ ਮਦਦ ਦੇਣ ਦੀ ਬਜਾਏ ਰਿਸ਼ਵਤ ਦੀ ਮੰਗ ਦਾ ਸਾਹਮਣਾ ਕਰਨਾ ਪਿਆ।
Publish Date: Wed, 27 May 2026 07:22 PM (IST)
Updated Date: Wed, 27 May 2026 07:39 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਵਿਜੀਲੈਂਸ ਬਿਊਰੋ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮਾਮਲਾ ਇੱਕ ਗੁੰਮ ਹੋਈ ਬੇਟੀ ਦੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ, ਜਿੱਥੇ ਇੱਕ ਪਰੇਸ਼ਾਨ ਪਿਤਾ ਆਪਣੀ ਧੀ ਦੀ ਭਾਲ ਲਈ ਇਨਸਾਫ਼ ਮੰਗਣ ਪੁਲਿਸ ਕੋਲ ਪਹੁੰਚਿਆ ਸੀ, ਪਰ ਉਸ ਨੂੰ ਮਦਦ ਦੇਣ ਦੀ ਬਜਾਏ ਰਿਸ਼ਵਤ ਦੀ ਮੰਗ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਵੱਲੋਂ ਇੱਕ ਏਐਸਆਈ ਨੂੰ 14 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਨੇ ਇੱਕ ਵਿਅਕਤੀ ਤੋਂ ਉਸ ਦੀ ਗੁੰਮ ਹੋਈ ਬੇਟੀ ਦੀ ਸ਼ਿਕਾਇਤ ਦਰਜ ਕਰਨ ਅਤੇ ਮਾਮਲੇ ਵਿੱਚ ਕਾਰਵਾਈ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਬੇਟੀ ਘਰ ਤੋਂ ਲਾਪਤਾ ਹੋ ਗਈ ਸੀ, ਜਿਸ ਕਾਰਨ ਉਹ ਬਹੁਤ ਚਿੰਤਤ ਸੀ ਅਤੇ ਇਨਸਾਫ਼ ਦੀ ਉਮੀਦ ਨਾਲ ਪੁਲਿਸ ਕੋਲ ਗਿਆ ਪਰ ਮਦਦ ਕਰਨ ਦੀ ਥਾਂ ਸੰਬੰਧਤ ਏਐਸਆਈ ਨੇ ਮਾਮਲਾ ਦਰਜ ਕਰਨ ਲਈ 14 ਹਜ਼ਾਰ ਰੁਪਏ ਦੀ ਮੰਗ ਕਰ ਦਿੱਤੀ। ਪੀੜਤ ਪਰਿਵਾਰ ਲਈ ਇਹ ਸਿਰਫ਼ ਆਰਥਿਕ ਨਹੀਂ, ਸਗੋਂ ਮਾਨਸਿਕ ਤੌਰ ’ਤੇ ਵੀ ਵੱਡਾ ਝਟਕਾ ਸੀ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਹਿੰਮਤ ਦਿਖਾਉਂਦੇ ਹੋਏ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਵਿਜੀਲੈਂਸ ਟੀਮ ਨੇ ਪੂਰੀ ਯੋਜਨਾ ਤਿਆਰ ਕਰਕੇ ਜਾਲ ਵਿਛਾਇਆ ਅਤੇ ਜਿਵੇਂ ਹੀ ਦੋਸ਼ੀ ਏਐਸਆਈ ਨੇ ਰਿਸ਼ਵਤ ਦੀ ਰਕਮ ਲਈ, ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਕਾਰਵਾਈ ਦੌਰਾਨ ਵਿਜੀਲੈਂਸ ਟੀਮ ਨੇ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ।
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਤਰ੍ਹਾਂ ਦੀਆਂ ਹੋਰ ਸ਼ਿਕਾਇਤਾਂ ਵੀ ਉਸ ਪੁਲਿਸ ਮੁਲਾਜ਼ਮ ਨਾਲ ਜੁੜੀਆਂ ਹੋਈਆਂ ਹਨ ਜਾ ਨਹੀਂ ।
ਇਸ ਘਟਨਾ ਨੇ ਇੱਕ ਵਾਰ ਫਿਰ ਪੁਲਿਸ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੱਥੇ ਇੱਕ ਪਾਸੇ ਲੋਕ ਆਪਣੇ ਪਰਿਵਾਰਕ ਸੰਕਟਾਂ ਵਿੱਚ ਪੁਲਿਸ ਤੋਂ ਸਹਾਰਾ ਲੱਭਦੇ ਹਨ, ਉੱਥੇ ਕੁਝ ਭ੍ਰਿਸ਼ਟ ਅਧਿਕਾਰੀ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਸਰਕਾਰੀ ਅਹੁਦੇ ਦੀ ਬੇਇਜ਼ਤੀ ਕਰ ਰਹੇ ਹਨ।