ਲੁਧਿਆਣਾ ਤੋਂ ਹਰਿਆਣਾ ਪੁਲਿਸ ਦੀ ਹਿਰਾਸਤ ਵਿਚੋਂ ਫਿਲਮੀ ਅੰਦਾਜ਼ ਵਿਚ ਫਰਾਰ ਹੋਏ ਸ਼ਾਤਿਰ ਮੁਲਜ਼ਮ ਨੂੰ ਆਖਿਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਨੂੰ ਮੋਬਾਈਲ ਫੋਨ ਦੀ ਬਰਾਮਦਗੀ ਲਈ ਲੁਧਿਆਣਾ ਲਿਆਂਦਾ ਗਿਆ ਸੀ, ਪਰ ਰਾਹ ਵਿਚ ਢਾਬੇ ‘ਤੇ ਰੁਕਣਾ ਪੁਲਿਸ ਟੀਮ ਲਈ ਮਹਿੰਗਾ ਸਾਬਤ ਹੋਇਆ ਸੀ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਤੋਂ ਹਰਿਆਣਾ ਪੁਲਿਸ ਦੀ ਹਿਰਾਸਤ ਵਿਚੋਂ ਫਿਲਮੀ ਅੰਦਾਜ਼ ਵਿਚ ਫਰਾਰ ਹੋਏ ਸ਼ਾਤਿਰ ਮੁਲਜ਼ਮ ਨੂੰ ਆਖਿਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਨੂੰ ਮੋਬਾਈਲ ਫੋਨ ਦੀ ਬਰਾਮਦਗੀ ਲਈ ਲੁਧਿਆਣਾ ਲਿਆਂਦਾ ਗਿਆ ਸੀ, ਪਰ ਰਾਹ ਵਿਚ ਢਾਬੇ ‘ਤੇ ਰੁਕਣਾ ਪੁਲਿਸ ਟੀਮ ਲਈ ਮਹਿੰਗਾ ਸਾਬਤ ਹੋਇਆ ਸੀ। ਮੁਲਜ਼ਮ ਖਿਲਾਫ ਇਕ ਹੋਰ ਮੁਕੱਦਮਾ ਦਰਜ ਕਰਨ ਤੋਂ ਬਾਅਦ ਲੁਧਿਆਣਾ ਦੇ ਥਾਣਾ ਕਤਵਾਲੀ ਦੀ ਪੁਲਿਸ ਨੇ ਹੁਣ ਉਸ ਨੂੰ ਗਾਜ਼ੀਆਬਾਦ ਤੋਂ ਕਾਬੂ ਕਰ ਲਿਆ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਜ਼ਿਲ੍ਹਾ ਰੇਵਾਡੀ ਦੇ ਥਾਣਾ ਕੋਸਲੀ ਵਿਚ ਤਾਇਨਾਤ ਤਫਤੀਸ਼ੀ ਅਧਿਕਾਰੀ ਵਿਕਾਸ ਨੇ ਦੱਸਿਆ ਕਿ 14 ਅਪ੍ਰੈਲ 2026 ਨੂੰ ਦਰਜ ਕੀਤੇ ਇਕ ਮਾਮਲੇ ਵਿਚ ਮੁਲਜ਼ਮ ਅਰਜੁਨ ਕੁਮਾਰ, ਵਾਸੀ ਪਿੰਡ ਜਾਰੋੜਾ (ਹਰਿਆਣਾ), ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਮੁਲਜ਼ਮ ਵੱਲੋਂ ਵਰਤੇ ਗਏ ਮੋਬਾਈਲ ਫੋਨ ਦੀ ਬਰਾਮਦਗੀ ਲਈ ਪੁਲਿਸ ਟੀਮ 30 ਅਪ੍ਰੈਲ ਨੂੰ ਲੁਧਿਆਣਾ ਪਹੁੰਚੀ ਸੀ। ਇਸ ਟੀਮ ਵਿਚ ਅਧਿਕਾਰੀ ਵਿਕਾਸ ਦੇ ਨਾਲ ਸਿਪਾਹੀ ਰਣਦੀਪ ਸਿੰਘ ਵੀ ਸ਼ਾਮਲ ਸੀ।
ਦੁਪਹਿਰ ਕਰੀਬ ਪੌਣੇ ਇਕ ਵਜੇ ਪੁਲਿਸ ਟੀਮ ਇਕ ਢਾਬੇ ‘ਤੇ ਖਾਣਾ ਖਾਣ ਲਈ ਰੁਕੀ। ਇਸ ਦੌਰਾਨ ਮੁਲਜ਼ਮ ਅਰਜੁਨ ਕੁਮਾਰ ਨੇ ਚਾਲਾਕੀ ਨਾਲ ਪੇਸ਼ਾਬ ਜਾਣ ਦਾ ਬਹਾਨਾ ਬਣਾਇਆ। ਸਿਪਾਹੀ ਰਣਦੀਪ ਉਸਨੂੰ ਬਾਥਰੂਮ ਵੱਲ ਲੈ ਗਿਆ, ਪਰ ਜਿਵੇਂ ਹੀ ਮੌਕਾ ਮਿਲਿਆ, ਮੁਲਜ਼ਮ ਨੇ ਅਚਾਨਕ ਸਿਪਾਹੀ ਨੂੰ ਜ਼ੋਰਦਾਰ ਧੱਕਾ ਦੇ ਦਿੱਤਾ ਅਤੇ ਭੀੜਭਾੜ ਵਾਲੇ ਇਲਾਕੇ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਤੁਰੰਤ ਉਸਦਾ ਪਿੱਛਾ ਕੀਤਾ, ਪਰ ਉਸ ਵੇਲੇ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਇਸ ਵੱਡੀ ਲਾਪਰਵਾਹੀ ਦੇ ਮੱਦੇਨਜ਼ਰ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਮੁਲਜ਼ਮ ਅਰਜੁਨ ਕੁਮਾਰ ਖ਼ਿਲਾਫ਼ ਨਵਾਂ ਮਾਮਲਾ ਦਰਜ ਕੀਤਾ। ਉਸ ਵੇਲੇ ਪੁਲਿਸ ਵੱਲੋਂ ਢਾਬੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ‘ਤੇ ਸਰਚ ਅਭਿਆਨ ਚਲਾਇਆ ਗਿਆ ਪਰ ਸਫਲਤਾ ਹਾਸਿਲ ਨਹੀਂ ਲੱਗ ਸਕੀ।
ਇਸੇ ਦੌਰਾਨ ਲੁਧਿਆਣਾ ਦੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਗਾਜ਼ੀਆਬਾਦ ਵਿਚ ਮੌਜੂਦ ਹੈ। ਜਾਣਕਾਰੀ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਥਾਣਾ ਕੋਤਵਾਲੀ ਦੀ ਪੁਲਿਸ ਗਾਜ਼ੀਆਬਾਦ ਪਹੁੰਚੀ ਅਤੇ ਫਰਾਰ ਹੋਏ ਅਰਜੁਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ।