ਹਾਲਾਤ ਇਥੇ ਹੀ ਨਹੀਂ ਰੁਕੇ। ਮੁਲਜ਼ਮ ਨੇ ਬਾਈਕ ਸਵਾਰ ਦੋ ਨੌਜਵਾਨਾਂ ਉੱਤੇ ਵੀ ਕਾਰ ਚੜ੍ਹਾ ਦਿੱਤੀ। ਚੰਗੀ ਕਿਸਮਤ ਦੇ ਚਲਦਿਆਂ ਨੌਜਵਾਨਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਗਲੀ ਵਿੱਚ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦਾ ਨਜ਼ਰ ਆਇਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਐਤਵਾਰ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਚੋਰੀ ਕੀਤੀ ਕਾਰ ‘ਚ ਸਵਾਰ ਇਕ ਬੇਖ਼ੌਫ਼ ਚੋਰ ਨੇ ਪੁਲਿਸ ਤੋਂ ਬਚਣ ਲਈ ਗਲੀ ਵਿੱਚ ਜ਼ਬਰਦਸਤ ਦਹਿਸ਼ਤ ਫੈਲਾ ਦਿੱਤੀ। ਇਹ ਘਟਨਾ ਐਤਵਾਰ ਕਰੀਬ 11:30 ਵਜੇ ਵਾਪਰੀ। ਮੁਲਜ਼ਮ ਦੀ ਇਸ ਕਰਤੂਤ ਨੇ ਇਲਾਕੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।
ਦਿਨ ਦਿਹਾੜੇ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚੋਰ ਬੇਖੌਫ ਹੋ ਕੇ ਬੜੀ ਹੀ ਲਾਪਰਵਾਹੀ ਨਾਲ ਭੀੜੀ ਗਲੀ ਵਿੱਚ ਕਾਰ ਨੂੰ ਅੱਗੇ ਪਿੱਛੇ ਦੌੜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਬਰੋਟਾ ਰੋਡ ਇਲਾਕੇ ਤੋਂ ਇੱਕ ਕਾਰ ਚੋਰੀ ਹੋਣ ਦੀ ਰਿਪੋਰਟ ਦਰਜ ਹੋਈ ਸੀ। ਐਤਵਾਰ ਨੂੰ ਕਾਰ ਦੇ ਮਾਲਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸਦੀ ਚੋਰੀ ਹੋਈ ਕਾਰ ਬਰੋਟਾ ਰੋਡ ‘ਤੇ ਦਿਖਾਈ ਦਿੱਤੀ ਹੈ। ਇਸ ‘ਤੇ ਕਾਰ ਮਾਲਕ ਅਤੇ ਪੁਲਿਸ ਟੀਮ ਨੇ ਤੁਰੰਤ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਜਿਵੇਂ ਹੀ ਮੁਲਜ਼ਮ ਨੂੰ ਅਹਿਸਾਸ ਹੋਇਆ ਕਿ ਉਹ ਪੁਲਿਸ ਅਤੇ ਲੋਕਾਂ ਵਿਚ ਘਿਰ ਚੁੱਕਾ ਹੈ, ਉਸ ਨੇ ਆਪਣੀ ਜਾਨ ਬਚਾਉਣ ਲਈ ਖਤਰਨਾਕ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਚੋਰ ਨੇ ਕਾਰ ਨੂੰ ਤੇਜ਼ ਰਫ਼ਤਾਰ ਨਾਲ ਕਦੇ ਅੱਗੇ ਤੇ ਕਦੇ ਪਿੱਛੇ ਭਜਾਉਂਦੇ ਹੋਏ ਬਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਤਿੰਨ ਮੋਟਰਸਾਈਕਲਾਂ, ਤਿੰਨ ਐਕਟਿਵਾ ਸਕੂਟਰਾਂ ਅਤੇ ਇੱਕ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਨਾਲ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਹਾਲਾਤ ਇਥੇ ਹੀ ਨਹੀਂ ਰੁਕੇ। ਮੁਲਜ਼ਮ ਨੇ ਬਾਈਕ ਸਵਾਰ ਦੋ ਨੌਜਵਾਨਾਂ ਉੱਤੇ ਵੀ ਕਾਰ ਚੜ੍ਹਾ ਦਿੱਤੀ। ਚੰਗੀ ਕਿਸਮਤ ਦੇ ਚਲਦਿਆਂ ਨੌਜਵਾਨਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਗਲੀ ਵਿੱਚ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦਾ ਨਜ਼ਰ ਆਇਆ।
ਸੀਸੀਟੀਵੀ ਵੀਡੀਓ ਵਿੱਚ ਸਾਫ਼ ਦਿਖਦਾ ਹੈ ਕਿ ਚੋਰ ਪੁਲਿਸ ਦੇ ਪਹੁੰਚਣ ਤੋਂ ਬਾਅਦ ਵੀ ਨਹੀਂ ਡਰਿਆ ਅਤੇ ਬੇਖੌਫ਼ ਹੋ ਕੇ ਕਾਰ ਨੂੰ ਪਿੱਛੇ ਕਰਦੇ ਹੋਏ ਭਜਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਆਖ਼ਿਰਕਾਰ ਉਸ ਦੀ ਕਾਰ ਇੱਕ ਘਰ ਦੇ ਬਾਹਰ ਖੜ੍ਹੀ ਬਾਈਕ ਨਾਲ ਟਕਰਾ ਗਈ, ਜਿਸ ਨਾਲ ਉਸਦੀ ਭੱਜਣ ਦੀ ਕੋਸ਼ਿਸ਼ ਨਾਕਾਮ ਹੋ ਗਈ।
ਮੌਕੇ ਤੇ ਮੌਜੂਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਲਵ ਵਜੋਂ ਹੋਈ ਹੈ। ਪੁਲਿਸ ਨੇ ਉਸਦੇ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਨੇ ਪੁਲਿਸ ਦੀ ਤੇਜ਼ ਕਾਰਵਾਈ ਅਤੇ ਚੋਰ ਦੀ ਬੇਹੱਦ ਖ਼ਤਰਨਾਕ ਸੋਚ ਦੋਵਾਂ ਨੂੰ ਦਰਸਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ‘ਤੇ ਪੁਲਿਸ ਕਾਰਵਾਈ ਨਾ ਕਰਦੀ ਤਾਂ ਇਹ ਹਾਦਸਾ ਹੋਰ ਵੀ ਵੱਡੀ ਤਰਾਸਦੀ ਬਣ ਸਕਦਾ ਸੀ