ਲੁਧਿਆਣਾ: ਦਵਾਈ ਕਾਰੋਬਾਰੀ ਦੇ ਬੰਦ ਪਏ ਘਰ 'ਚ ਵੱਡੀ ਚੋਰੀ, 35 ਲੱਖ ਦੇ ਸੋਨੇ ਦੇ ਗਹਿਣੇ ਤੇ ਚਾਂਦੀ ਲੈ ਕੇ ਚੋਰ ਫਰਾਰ
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਪਿਆ ਹੋਇਆ ਸੀ। ਉਹ ਪੁਰਾਣੇ ਘਰ ਵਿੱਚ ਅਕਸਰ ਗੇੜਾ ਰੱਖਦੇ ਸਨ। ਬੀਤੇ ਦਿਨ ਹਰਪ੍ਰੀਤ ਸਿੰਘ ਜਦ ਘਰ ਦੇ ਅੰਦਰ ਦਾਖਲ ਹੋਏ ਤਾਂ ਸਮਾਨ ਖਿਲਰਿਆ ਦੇਖ ਉਨ੍ਹਾਂ ਦੇ ਹੋ ਸੁੱਟ ਗਏ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਕਰਨ ਤੇ ਪਤਾ ਲੱਗਾ ਕਿ ਚੋਰ ਪੌੜੀਆਂ ਦੇ ਰਸਤੇ ਤੋਂ ਘਰ ਅੰਦਰ ਦਾਖਲ ਹੋਏ ਸਨ।
Publish Date: Sat, 18 Apr 2026 03:24 PM (IST)
Updated Date: Sat, 18 Apr 2026 03:29 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਦਵਾਈਆਂ ਦੇ ਕਾਰੋਬਾਰੀ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਅੰਦਰੋਂ 35 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਸਮਾਨ ਤੇ ਹੱਥ ਸਾਫ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਬਸੰਤ ਸਿਟੀ ਐਕਸਟੈਂਸ਼ਨ ਦੇ ਰਹਿਣ ਵਾਲੇ ਕਾਰੋਬਾਰੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਹੱਲ ਕਰ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਹਨਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ। ਤਕਰੀਬਨ ਦੋ ਮਹੀਨੇ ਪਹਿਲੋਂ ਉਹ ਭਾਰਤ ਨਗਰ ਚੌਂਕ ਵਾਲਾ ਆਪਣਾ ਘਰ ਬੰਦ ਕਰਕੇ ਬਸੰਤ ਸਿਟੀ ਐਕਸਟੈਂਸ਼ਨ ਵਾਲੇ ਘਰ ਵਿੱਚ ਸ਼ਿਫਟ ਹੋ ਗਏ ਸਨ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਪਿਆ ਹੋਇਆ ਸੀ। ਉਹ ਪੁਰਾਣੇ ਘਰ ਵਿੱਚ ਅਕਸਰ ਗੇੜਾ ਰੱਖਦੇ ਸਨ। ਬੀਤੇ ਦਿਨ ਹਰਪ੍ਰੀਤ ਸਿੰਘ ਜਦ ਘਰ ਦੇ ਅੰਦਰ ਦਾਖਲ ਹੋਏ ਤਾਂ ਸਮਾਨ ਖਿਲਰਿਆ ਦੇਖ ਉਨ੍ਹਾਂ ਦੇ ਹੋ ਸੁੱਟ ਗਏ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਕਰਨ ਤੇ ਪਤਾ ਲੱਗਾ ਕਿ ਚੋਰ ਪੌੜੀਆਂ ਦੇ ਰਸਤੇ ਤੋਂ ਘਰ ਅੰਦਰ ਦਾਖਲ ਹੋਏ ਸਨ। ਬਦਮਾਸ਼ਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਕੇ ਤਕਰੀਬਨ 18 ਤੋਲੇ ਸੋਨੇ ਦੇ ਗਹਿਣੇ, ਜਿਨਾਂ ਵਿੱਚ ਛਤਰ, ਮੰਗਲ ਸੂਤਰ, ਲੇਡੀਜ ਸੈਟ, ਕੰਨਾਂ ਦੀਆਂ ਵਾਲੀਆਂ ਅਤੇ ਕੜੇ ਚੋਰੀ ਕਰ ਲਏ। ਮੁਲਜਮ ਘਰ ਚੋਂ ਚਾਂਦੀ ਦੇ ਗਿਲਾਸ ਅਤੇ 12 ਸਿੱਕੇ, ਬੈਂਕ ਆਫ ਇੰਡੀਆ ਦੇ ਲੋਕਰ ਦੀਆਂ ਚਾਬੀਆਂ ਵੀ ਲੈ ਗਏ। ਦਵਾਈਆਂ ਦੇ ਕਾਰੋਬਾਰੀ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ 35 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦੀ ਹੀ ਬਦਮਾਸ਼ਾਂ ਨੂੰ ਲੱਭ ਲਵੇਗੀ।