ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਬ੍ਰੋਸਟਲ ਜੇਲ੍ਹ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਵਾਲਾਤੀ ਤੱਕ ਨਸ਼ਾ ਪਹੁੰਚਾਉਣ ਲਈ ਰਿਸ਼ਤੇਦਾਰ ਨੇ ਐਸੀ ਸਾਜਿਸ਼ ਰਚੀ ਕਿ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਬ੍ਰੋਸਟਲ ਜੇਲ੍ਹ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਵਾਲਾਤੀ ਤੱਕ ਨਸ਼ਾ ਪਹੁੰਚਾਉਣ ਲਈ ਰਿਸ਼ਤੇਦਾਰ ਨੇ ਐਸੀ ਸਾਜਿਸ਼ ਰਚੀ ਕਿ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ।
ਮੁਲਾਕਾਤ ਦੇ ਬਹਾਨੇ ਜੇਲ੍ਹ ਅੰਦਰ ਦਾਖ਼ਲ ਹੋਇਆ ਵਿਅਕਤੀ ਆਪਣੇ ਨਾਲ ਇੱਕ ਨੀਲੀ ਜੀਨਸ ਲੈ ਕੇ ਆਇਆ ਸੀ, ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਸ ਜੀਨਸ ਦੇ ਅੰਦਰ “ਸਫੈਦ ਮੌਤ” ਲੁਕਾਈ ਹੋਈ ਹੈ। ਹਾਲਾਂਕਿ ਜੇਲ੍ਹ ਸਟਾਫ ਦੀ ਤੇਜ਼ ਨਜ਼ਰ ਅਤੇ ਚੌਕਸੀ ਕਾਰਨ ਇਹ ਖਤਰਨਾਕ ਖੇਡ ਓਥੇ ਹੀ ਬੇਨਕਾਬ ਹੋ ਗਈ ਅਤੇ ਨਸ਼ਾ ਅੰਦਰ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਸਾਜ਼ਿਸ਼ ਫੇਲ੍ਹ ਕਰ ਦਿੱਤੀ ਗਈ ।
ਜਾਣਕਾਰੀ ਅਨੁਸਾਰ ਪਾਇਲ ਤਹਿਸੀਲ ਦੇ ਪਿੰਡ ਉਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਹਰਮਨ ਕੁਮਾਰ ਆਪਣੇ ਰਿਸ਼ਤੇਦਾਰ ਚੰਦਰ ਕੁਮਾਰ ਉਰਫ਼ ਸੰਜੂ ਨਾਲ ਮੁਲਾਕਾਤ ਕਰਨ ਲਈ ਬ੍ਰੋਸਟਲ ਜੇਲ੍ਹ ਪਹੁੰਚਿਆ ਸੀ। ਚੰਦਰ ਕੁਮਾਰ ਪਹਿਲਾਂ ਤੋਂ ਹੀ ਇੱਕ ਮਾਮਲੇ ਵਿੱਚ ਹਵਾਲਾਤੀ ਵਜੋਂ ਜੇਲ੍ਹ ਵਿੱਚ ਬੰਦ ਹੈ। ਮੁਲਾਕਾਤ ਦੌਰਾਨ ਹਰਮਨ ਕੁਮਾਰ ਨੇ ਹਵਾਲਾਤੀ ਨੂੰ ਇੱਕ ਨਵੀਂ ਨੀਲੇ ਰੰਗ ਦੀ ਜੀਨਸ ਦਿੱਤੀ।
ਸ਼ੁਰੂ ਵਿੱਚ ਇਹ ਆਮ ਕੱਪੜਾ ਲੱਗ ਰਿਹਾ ਸੀ, ਪਰ ਜੇਲ੍ਹ ਮੁਲਾਜ਼ਮਾਂ ਨੂੰ ਉਸ ਦੀਆਂ ਹਰਕਤਾਂ ਸ਼ੱਕੀ ਜਾਪੀਆਂ।
ਜਿਵੇਂ ਹੀ ਜੇਲ੍ਹ ਸਟਾਫ ਨੇ ਜੀਨਸ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਸਭ ਦੇ ਹੋਸ਼ ਉੱਡ ਗਏ। ਕੱਪੜੇ ਦੀ ਅੰਦਰੂਨੀ ਸਿਲਾਈ ਵਿੱਚ ਬਹੁਤ ਹੀ ਚਾਲਾਕੀ ਨਾਲ ਲੁਕਾਇਆ ਗਿਆ ਕਰੀਬ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਹ ਦੇਖ ਕੇ ਤੁਰੰਤ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਮੌਕੇ ‘ਤੇ ਹੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਟੀਮ ਜੇਲ੍ਹ ਵਿੱਚ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਿੰਟੈਂਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ‘ਤੇ ਐਨਡੀਪੀਐਸ ਐਕਟ ਅਤੇ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਮਨ ਕੁਮਾਰ ਨੇ ਪਹਿਲਾਂ ਤੋਂ ਯੋਜਨਾ ਬਣਾ ਕੇ ਨਸ਼ਾ ਜੇਲ੍ਹ ਅੰਦਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਹਵਾਲਾਤੀ ਤੱਕ ਇਹ ਸਮੱਗਰੀ ਪਹੁੰਚ ਸਕੇ।
ਪੁਲਿਸ ਨੇ ਮੁੱਖ ਦੋਸ਼ੀ ਹਰਮਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਜੇਲ੍ਹ ਵਿੱਚ ਬੰਦ ਹਵਾਲਾਤੀ ਚੰਦਰ ਕੁਮਾਰ ਉਰਫ਼ ਸੰਜੂ ਤੋਂ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਂਚ ਏਜੰਸੀਆਂ ਹੁਣ ਇਹ ਵੀ ਖੰਗਾਲ ਰਹੀਆਂ ਹਨ ਕਿ ਕਿਤੇ ਇਸ ਦੇ ਪਿੱਛੇ ਕੋਈ ਵੱਡਾ ਨਸ਼ਾ ਰੈਕਟ ਤਾਂ ਸਰਗਰਮ ਨਹੀਂ, ਜੋ ਜੇਲ੍ਹਾਂ ਅੰਦਰ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਨਸ਼ਾ ਤਸਕਰ ਹੁਣ ਜੇਲ੍ਹਾਂ ਅੰਦਰ ਵੀ ਆਪਣਾ ਜਾਲ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਨੇ ਉਨ੍ਹਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ।