ਲੁਧਿਆਣਾ ਦੇ ਵਪਾਰੀ ਨੂੰ ਗੈਂਗਸਟਰ ਵੱਲੋਂ ਧਮਕੀਆਂ
ਲੁਧਿਆਣਾ ਦੇ ਵਪਾਰੀ ਨੂੰ ਗੈਂਗਸਟਰ ਵੱਲੋਂ ਧਮਕੀਆਂ
Publish Date: Wed, 29 Apr 2026 07:23 PM (IST)
Updated Date: Wed, 29 Apr 2026 07:25 PM (IST)

- ਆਖਿਆ, ਮਹੀਨੇ ਦੇ ਇੱਕ ਲੱਖ ਨਾ ਦਿੱਤੇ ਤਾਂ ਸਿਰ ’ਚ ਮਾਰਾਂਗੇ ਗੋਲੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਸੁਨੀਲ ਧੀਰ ਨਾਲ ਸਬੰਧਿਤ ਇੱਕ ਸੰਵੇਦਨਸ਼ੀਲ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸ਼ਹਿਰ ਦੇ ਵਪਾਰਿਕ ਵਰਗ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਘੁਮਾਰ ਮੰਡੀ ਅਤੇ ਦੁੱਗਰੀ ਇਲਾਕੇ ਵਿੱਚ ‘ਕਵਰ ਕਿੰਗ ਮੋਬਾਈਲ ਸ਼ਾਪ’ ਦੇ ਮਾਲਕ ਸੁਨੀਲ ਧੀਰ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਇੱਕ ਗੈਂਗਸਟਰ ਵੱਲੋਂ ਲਗਾਤਾਰ ਧਮਕੀਆਂ ਅਤੇ ਰੰਗਦਾਰੀ ਦੀ ਮੰਗ ਕੀਤੀ ਜਾ ਰਹੀ ਹੈ। ਧੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਵੀਡੀਓ ਜਾਰੀ ਕਰ ਕੇ ਆਪਣਾ ਦਰਦ ਬਿਆਨ ਕੀਤਾ। ਵੀਡੀਓ ਵਿੱਚ ਉਹ ਬਹੁਤ ਹੀ ਪਰੇਸ਼ਾਨ ਅਤੇ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ ਕਿ ‘ਜਾਂ ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਤੰਗ ਕਰਨਾ ਬੰਦ ਕਰੋ, ਨਹੀਂ ਤਾਂ ਉਸ ਨੂੰ ਸਿੱਧਾ ਸਿਰ ਵਿੱਚ ਗੋਲੀ ਮਾਰ ਦਿਓ।’ ਇਹ ਸ਼ਬਦ ਉਸ ਦੀ ਮਾਨਸਿਕ ਪੀੜਾ ਅਤੇ ਡਰ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ। ਸੁਨੀਲ ਧੀਰ ਅਨੁਸਾਰ ਗੈਂਗਸਟਰ ਵੱਲੋਂ ਉਸ ਨੂੰ ਅਤੇ ਉਸ ਦੀ ਭੈਣ ਨੂੰ ਲਗਾਤਾਰ ਫੋਨ ਕਰ ਕੇ ਧਮਕਾਇਆ ਜਾ ਰਿਹਾ ਹੈ। ਦੋਸ਼ ਹੈ ਕਿ ਗੈਂਗਸਟਰ ਨੇ ਹਰ ਮਹੀਨੇ ਇੱਕ ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਹੈ ਅਤੇ ਨਾ ਦੇਣ ਦੀ ਸੂਰਤ ਵਿੱਚ ਸਿੱਧੀ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਇਨ੍ਹਾਂ ਧਮਕੀਆਂ ਨਾਲ ਨਾ ਸਿਰਫ ਉਹ ਖੁਦ, ਸਗੋਂ ਉਸ ਦਾ ਸਾਰਾ ਪਰਿਵਾਰ ਡਰ ਦੇ ਸਾਏ ਹੇਠ ਜੀ ਰਿਹਾ ਹੈ। ਧੀਰ ਨੇ ਦੱਸਿਆ ਕਿ ਉਸ ਨੂੰ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਭੇਜ ਕੇ ਤੰਗ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੰਦੇ ਅਤੇ ਅਸ਼ਲੀਲ ਗੀਤ ਵੀ ਚਲਾਏ ਜਾਂਦੇ ਹਨ, ਜਿਸ ਨਾਲ ਉਸ ਨੂੰ ਮਾਨਸਿਕ ਤੌਰ ’ਤੇ ਬਹੁਤ ਪੀੜਾ ਹੋ ਰਹੀ ਹੈ। ਉਸ ਨੇ ਇਸ ਨੂੰ ‘ਪੂਰੀ ਤਰ੍ਹਾਂ ਮਾਨਸਿਕ ਤਸ਼ੱਦਦ’ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਹਾਲ ਹੀ ਵਿੱਚ ਦੁੱਗਰੀ ’ਚ ਆਪਣੀ ਨਵੀਂ ਦੁਕਾਨ ਖੋਲ੍ਹੀ ਸੀ, ਜਿਸ ਤੋਂ ਬਾਅਦ ਧਮਕੀਆਂ ਦਾ ਸਿਲਸਿਲਾ ਹੋਰ ਵੀ ਵੱਧ ਗਿਆ। ਉਨ੍ਹਾਂ ਕਿਹਾ ਕਿ ਗੈਂਗਸਟਰ ਨੇ ਉਸ ਦੀ ਭੈਣ ਨੂੰ ਵੀ ਫੋਨ ਕਰ ਕੇ ਧਮਕਾਇਆ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਹਰਕਤ ਵਿੱਚ ਆ ਗਈ। ਏਸੀਪੀ ਸਿਵਲ ਲਾਇਨਜ਼ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੁੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ੱਕੀ ਤੱਕ ਪਹੁੰਚਣ ਲਈ ਮੋਬਾਈਲ ਨੰਬਰ ਨੂੰ ਸਰਵਲੈਂਸ ’ਤੇ ਰੱਖਿਆ ਗਿਆ ਹੈ। ਧੀਰ ਨੇ ਆਪਣੀ ਵੀਡੀਓ ਵਿੱਚ ਇਹ ਵੀ ਕਿਹਾ ਕਿ ਉਹ ਸਿਰਫ ਆਪਣਾ ਕੰਮ ਕਰਨਾ ਚਾਹੁੰਦਾ ਹੈ ਅਤੇ ਕਿਸੇ ਨਾਲ ਕੋਈ ਵਿਰੋਧ ਨਹੀਂ ਰੱਖਦਾ। ਉਸ ਨੇ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਕੋਈ ਸਵਾਲ ਨਹੀਂ ਉਠਾਇਆ, ਬਲਕਿ ਉਨ੍ਹਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ। ਉਸ ਨੇ ਖ਼ਾਸ ਤੌਰ ’ਤੇ ਮੇਅਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਵਪਾਰੀ ਨਾਲ ਇਸ ਤਰ੍ਹਾਂ ਦੀ ਹਰਾਸਮੈਂਟ ਬਰਦਾਸ਼ਤ ਨਾ ਕੀਤੀ ਜਾਵੇ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਉਹ ਬਹੁਤ ਮਾਨਸਿਕ ਤਣਾਅ ਵਿੱਚ ਹੈ ਅਤੇ ਜੇਕਰ ਉਸ ਦੇ ਨਾਲ ਕੋਈ ਵੀ ਅਣਚਾਹੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਿਰਫ ਉਸ ਵਿਅਕਤੀ ’ਤੇ ਹੋਵੇਗੀ, ਜੋ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕਾ ਰਿਹਾ ਹੈ। ਇਹ ਮਾਮਲਾ ਨਾ ਸਿਰਫ ਕਾਨੂੰਨੀ ਸੁਰੱਖਿਆ ਦੀ ਲੋੜ ਨੂੰ ਦਰਸਾਉਂਦਾ ਹੈ, ਸਗੋਂ ਵਪਾਰੀਆਂ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਵੀ ਬਣ ਗਿਆ ਹੈ।