ਤਾਲੇ ਤੋੜ ਕੇ ਜਾਇਦਾਦ ‘ਤੇ ਮੁੜ ਕਬਜ਼ਾ ਕਰਨ ਦੇ ਦੋਸ਼ ‘ਚ ਪਰਿਵਾਰ ਖ਼ਿਲਾਫ਼ ਕੇਸ ਦਰਜ
ਲੁਧਿਆਣਾ ਵਿੱਚ ਲੋਨ ਵਿਵਾਦ ਨੇ ਲਿਆ ਕਾਨੂੰਨੀ ਰੂਪ
Publish Date: Fri, 01 May 2026 06:32 PM (IST)
Updated Date: Fri, 01 May 2026 06:35 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਸੂਰਿਆ ਵਿਹਾਰ ਇਲਾਕੇ ਵਿਚ ਲੋਨ ਸਬੰਧੀ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਵੱਲੋਂ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਿਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਊ ਸੂਰਿਆ ਵਿਹਾਰ ਪੰਜ ਪੀਰ ਰੋਡ ਦੇ ਵਾਸੀ ਰਮਨ ਚੋਪੜਾ, ਉਸਦੇ ਪੁੱਤਰ ਸਾਹਿਲ ਚੋਪੜਾ ਅਤੇ ਪਤਨੀ ਸ਼ੀਖਾ ਚੋਪੜਾ ਵਜੋਂ ਹੋਈ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੈਕਟਰ 39 ਦੇ ਵਾਸੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਔਥਮ ਇਨਵੈਸਟਮੈਂਟ ਐਂਡ ਇਨਫਰਾਸਟਰਕਚਰ ਲਿਮਟਿਡ ਵਿਚ ਬ੍ਰਾਂਚ ਮੈਨੇਜਰ ਵਜੋਂ ਤਾਇਨਾਤ ਹਨ। ਸ਼ਿਕਾਇਤ ਕਰਤਾ ਮੁਤਾਬਕ ਉਨ੍ਹਾਂ ਦੀ ਕੰਪਨੀ ਵੱਲੋਂ ਸਾਹਿਲ ਚੋਪੜਾ ਨੂੰ ਆਪਣੇ ਘਰ ਦੀ ਤਾਮੀਰ ਲਈ ਲੋਨ ਦਿੱਤਾ ਗਿਆ ਸੀ। ਪਰੰਤੂ ਮੁਲਜ਼ਮ ਵੱਲੋਂ ਸਮੇਂ ਸਿਰ ਲੋਨ ਦੀ ਅਦਾਇਗੀ ਨਹੀਂ ਕੀਤੀ ਗਈ, ਜਿਸ ਕਾਰਨ ਲੋਨ ਖਾਤਾ ਨਾਨ-ਪਰਫਾਰਮਿੰਗ ਐਸੈਟ (ਐਨਪੀਏ) ਵਿਚ ਚਲਾ ਗਿਆ। ਇਸ ਦੇ ਬਾਅਦ ਕੰਪਨੀ ਨੇ ਸਰਫੇਸੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਮੁਲਜ਼ਮ ਦੀ ਜਾਇਦਾਦ ‘ਤੇ ਕਾਨੂੰਨੀ ਤੌਰ ‘ਤੇ ਕਬਜ਼ਾ ਕਰ ਲਿਆ ਅਤੇ ਮਕਾਨ ਨੂੰ ਤਾਲੇ ਲਗਾ ਕੇ ਨੋਟਿਸ ਲਗਾ ਕਰ ਦਿੱਤਾ। ਦੋਸ਼ ਹੈ ਕਿ ਸਾਹਿਲ ਚੋਪੜਾ ਨੇ ਉਹ ਨੋਟਿਸ ਫਾੜ ਦਿੱਤਾ ਅਤੇ ਤਾਲੇ ਤੋੜ ਕੇ ਮੁੜ ਜਾਇਦਾਦ ‘ਤੇ ਗੈਰਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੰਪਨੀ ਵੱਲੋਂ ਮੁੜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਹੁਕਮ ਪ੍ਰਾਪਤ ਕਰਕੇ ਜਾਇਦਾਦ ‘ਤੇ ਕਾਨੂੰਨੀ ਕਬਜ਼ਾ ਕੀਤਾ ਗਿਆ ਅਤੇ ਦੁਬਾਰਾ ਤਾਲੇ ਲਗਾ ਕੇ ਨੋਟਿਸ ਜਾਰੀ ਕੀਤਾ ਗਿਆ। ਇਸ ਦੇ ਬਾਵਜੂਦ, 30 ਅਪ੍ਰੈਲ 2026 ਨੂੰ ਮੁਲਜ਼ਮਾਂ ਵੱਲੋਂ ਫਿਰ ਤਾਲੇ ਤੋੜ ਕੇ ਜਾਇਦਾਦ ‘ਤੇ ਕਬਜ਼ਾ ਕਰਨ ਦੇ ਨਾਲ ਨਾਲ ਤਾਲਿਆਂ ਅਤੇ ਸੀਲਾਂ ਦੀ ਚੋਰੀ ਕਰਨ ਦੇ ਦੋਸ਼ ਲਗੇ ਹਨ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 305, 329(3) ਅਤੇ 3(5) ਹੇਠ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਰੇ ਤੱਥਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਜਲਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਨਾ ਸਿਰਫ਼ ਲੋਨ ਡਿਫਾਲਟ ਨਾਲ ਜੁੜਿਆ ਹੈ, ਸਗੋਂ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਅਤੇ ਅਦਾਲਤੀ ਹੁਕਮਾਂ ਦੀ ਅਣਦੇਖੀ ਨੂੰ ਵੀ ਦਰਸਾਉਂਦਾ ਹੈ, ਜਿਸ ਕਾਰਨ ਇਹ ਕੇਸ ਕਾਫੀ ਸੰਵੇਦਨਸ਼ੀਲ ਬਣ ਗਿਆ ਹੈ।