ਸਾਉਣੀ ਦੇ ਵਧਾਏ ਹੱਦ ਕਰਜ਼ੇ ਨੂੰ ਅਮਲੀ ਰੂਪ ਦਿੱਤਾ ਜਾਵੇ : ਜਥੇਬੰਦੀ
ਸਾਉਣੀ ਦੇ ਵਧਾਏ ਹੱਦ ਕਰਜ਼ੇ ਨੂੰ ਅਮਲੀ ਰੂਪ 'ਚ ਲਾਗੂ ਕਰਵਾਵੇ ਪੰਜਾਬ ਸਰਕਾਰ- ਜਥੇਬੰਦੀ
Publish Date: Thu, 07 May 2026 06:53 PM (IST)
Updated Date: Fri, 08 May 2026 04:15 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਐਮਰਜੈਂਸੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਹਿਕਾਰੀ ਸਭਾਵਾਂ 'ਚ ਲਾਗੂ ਹੋਣ ਵਾਲੇ ਸਾਉਣੀ ਦੀ ਫਸਲ ਦੇ ਹੱਦ ਕਰਜ਼ੇ (ਲਿਮਿਟ) ਦੇ ਭਖਦੇ ਮੁੱਦੇ ਸਬੰਧੀ ਗੰਭੀਰ ਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਆਗੂਆਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ , ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਤੇ ਸੋਹਣ ਸਿੰਘ ਸਵੱਦੀ ਨੇ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕੀਤੇ।
ਅੰਤ 'ਚ ਸਰਬਸੰਮਤੀ ਨਾਲ ਇਸ ਨਾਜ਼ਕ ਤੇ ਭਖਦੇ ਮਸਲੇ ਸਬੰਧੀ ਮਤਾ ਪਾਸ ਕਰਦਿਆਂ ਕਿਹਾ ਕਿ 2019 ਤੋਂ ਸੱਤ ਸਾਲ ਬਾਅਦ ਵਧੀ ਮਹਿੰਗਾਈ ਦੇ ਆਧਾਰ ‘ਤੇ ਸਹਿਕਾਰੀ ਸਭਾਵਾਂ 'ਚ ਸਾਉਣੀ ਦੀ ਝੋਨੇ ਦੀ ਫਸਲ ਸਬੰਧੀ ਹੱਦ ਕਰਜ਼ਾ 25440 ਰੁਪੈ ਤੋਂ ਵਧਾ ਕੇ, ਪੰਜਾਬ ਸਰਕਾਰ ਨੇ 39000 ਰੁਪੈ ਜਿਸ ਵਿੱਚ 23000 ਰੁਪੈ ਨਗਦ ਤੇ 16000 ਰੁਪੈ ਰੇਹ/ ਸਪਰੇਅ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੂਜੇ ਪਾਸੇ ਕੇਂਦਰੀ ਏਜੰਸੀ ਨਬਾਰਡ ਵੱਲੋਂ ਪੰਜਾਬ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਲਿਮਿਟ ਵਧਾਉਣ ਦੀ ਬਜਾਏ ਘਟਾਉਣ ਕਰਕੇ ਸਹਿਕਾਰੀ ਸਭਾਵਾਂ ਦੇ ਪ੍ਰਬੰਧਕ ਤੇ ਮੁਲਾਜ਼ਮ ਕਿਸਾਨਾਂ ਨੂੰ ਨਵੇਂ ਹੱਦ ਕਰਜ਼ੇ ਦੀ ਅਦਾਇਗੀ ਨਹੀਂ ਕਰ ਰਹੇ। ਜਥੇਬੰਦੀ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਹ ਨਬਾਰਡ ਕੋਲੋਂ ਲੋੜੀਂਦੇ ਸਰਮਾਏ ਦਾ ਪ੍ਰਬੰਧ ਯਕੀਨ ਬਣਵਾਉਣ ਲਈ ਢੁਕਵੀਂ ਸਰਕਾਰੀ ਕਾਰਵਾਈ ਤੇ ਚਾਰਾਜੋਈ ਤੇਜ਼ ਕਰਕੇ ਬਿਨਾਂ ਕਿਸੇ ਹੋਰ ਦੇਰੀ ਤੋਂ ਆਪ ਦੇ ਨੋਟੀਫਕੇਸ਼ਨ ਨੂੰ ਫੌਰੀ ਅਮਲੀ ਰੂਪ 'ਚ ਲਾਗੂ ਕਰਵਾਵੇ ਤਾਂ ਜੋ ਖੇਤੀ ਕਾਰਜਾਂ ਅਤੇ ਕਿਸਾਨੀ ਸਿਰ ਖੜ੍ਹੇ ਸੰਕਟ ਨੂੰ ਸਮੇਂ ਸਿਰ ਨਜਿੱਠਿਆ ਜਾ ਸਕੇ ਨਹੀਂ ਤਾਂ ਕਿਸਾਨ- ਮਜ਼ਦੂਰ ਮੋਰਚਾ ਪੰਜਾਬ ਸਮੇਤ, ਪੰਜਾਬ ਦੀਆਂ ਸਮੂਹ ਕਿਸਾਨ- ਮਜ਼ਦੂਰ ਜਥੇਬੰਦੀਆਂ ਹੱਕੀ ਸੰਘਰਸ਼ ਦਾ ਐਲਾਨ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਜਿੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਸਿਰ ਹੋਵੇਗੀ ।ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਢੱਟ, ਗੁਰਦੀਪ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਲਛਮਣ ਸਿੰਘ ਸਿੱਧਵਾਂ ,ਤੇਜਿੰਦਰ ਸਿੰਘ ਬਿਰਕ, ਅਮਰਜੀਤ ਸਿੰਘ ਖੰਜਰਵਾਲ ,ਨਿਰਭੈ ਸਿੰਘ ਤਲਵੰਡੀ ਤੇ ਕੁਲਦੀਪ ਸਿੰਘ ਸਵੱਦੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ।