‘ਮਨਾਂ ਦੀ ਜੋਤ ਨੂੰ ਬੁਝਾ ਕੇ ਗਿਆ ਮਨਜੋਤ’-ਹੰਸ ਰਾਜ ਹੰਸ

-ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਨੂੰ ਸ਼ਰਧਾਂਜਲੀਆਂ ਭੇਟ
-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ, ਹੰਸ ਰਾਜ ਹੰਸ, ਮੁਹੰਮਦ ਸਦੀਕ, ਮਨਪ੍ਰੀਤ ਇਆਲੀ ਵੀ ਪੁੱਜੇ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਵੀਰਵਾਰ ਨੂੰ ਪਿਛਲੇ ਦਿਨੀਂ ਪ੍ਰਮਾਤਮਾ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਭਰ ਜਵਾਨੀ ਵਿੱਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਮਨਜੋਤ ਸਿੰਘ ਸਪੁੱਤਰ ਪ੍ਰਿਤਪਾਲ ਸਿੰਘ (ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ) ਨਮਿਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਦੇਤਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਸਮਾਜ ਦੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਸਵਰਗੀ ਮਨਜੋਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ਰਧਾਂਜਲੀ ਭੇਟ ਕਰਦੇ ਹੋਏ ਪਦਮ ਸ੍ਰੀ ਗਾਇਕ ਹੰਸ ਰਾਜ ਹੰਸ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਲਫਜ ਨਹੀਂ ਜਿੰਨ੍ਹਾਂ ਨਾਲ ਉਹ ਪਰਿਵਾਰ ਨੂੰ ਹੌਂਸਲਾ ਦੇ ਸਕਣ। ਪੁੱਤਰ ਮੋਏ ਨਾ ਭੁੱਲਦੇ ਸਤਰਾਂ ਬੋਲਦਿਆਂ ਹੰਸ ਨੇ ਕਿਹਾ ਕਿ ਤੁਰ ਗਏ ਪੁੱਤ ਕਦੇ ਨਹੀਂ ਭੁੱਲਦੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗੁਰਬਾਣੀ ਦੇ ਕਥਨ ਅਨੁਸਾਰ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਮੁੱਕਦੀ ਗੱਲ ਇਹ ਹੈ ਕਿ ਮਨਜੋਤ ਮਨਾਂ ਦੀ ਜੋਤ ਨੂੰ ਬੁਝਾ ਕੇ ਤੁਰ ਗਿਆ ਹੈ। ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਗੀਤਾਂ ਰਾਹੀਂ ਲੋਕਾਂ ਦੇ ਦੁੱਖਾਂ ਦੀ ਗੱਲ ਕਰਦੇ ਵਾਲੇ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਤੇ ਅੱਜ ਵੱਡਾ ਦੁੱਖ ਪਿਆ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਮਰਜ਼ੀ ਅੱਗੇ ਇਨਸਾਨ ਨੂੰ ਝੁਕਣਾ ਹੀ ਪੈਂਦਾ ਹੈ। ਇਸ ਮੌਕੇ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਮਨਪ੍ਰੀਤ ਇਆਲੀ ਨੇ ਕਿਹਾ ਕਿ ਮਨਜੋਤ ਦਾ ਭਰ ਜਵਾਨੀ ਵਿੱਚ ਤੁਰ ਜਾਣਾ ਬਹੁਤ ਹੀ ਦੁਖਦਾਈ ਹੈ ਜਿਸ ਨੂੰ ਕਿਸੇ ਵੀ ਪੈਮਾਨੇ ਤੇ ਨਾਪਿਆ ਨਹੀਂ ਜਾ ਸਕਦਾ। ਇਸ ਮੌਕੇ ਗਾਇਕ ਪੰਮੀ ਬਾਈ, ਦਰਸ਼ਨ ਸਿੰਘ ਸ਼ਿਵਾਲਕ ਅਤੇ ਮਲਕੀਤ ਸਿੰਘ ਦਾਖਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵੱਖ ਵੱਖ ਸੰਸਥਾਵਾਂ ਤੋਂ ਆਏ ਸ਼ੋਕ ਮਤੇ ਵੀ ਪੜੇ ਗਏ। ਸ਼ਰਧਾਜਲੀ ਸਮਾਰੋਹ ਸਮਾਗਮ ਦਾ ਸੰਚਾਲਨ ਨਿਰਮਲ ਜੌੜਾ ਨੇ ਕੀਤਾ। ਗੀਤਕਾਰ ਜਸਵੰਤ ਸੰਦੀਲਾ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਸਤਾਦ ਮੁਹੰਮਦ ਸਦੀਕ, ਡਾ.ਗੁਰਚਰਨ ਕੌਰ ਕੋਚਰ, ਸਚਿਨ ਆਹੂਜਾ, ਅੰਮ੍ਰਿਤ ਸਾਬ, ਬਲਜੇਤ ਸਰਾਂ, ਸਤਵਿੰਦਰ ਬੁੱਗਾ, ਕਰਮਜੀਤ ਗਰੇਵਾਲ, ਕਰਮਜੀਤ ਸਿਵੀਆ, ਦੀਪ ਲੁਧਿਆਣਵੀ, ਸੀਮਾ ਕਲਿਆਣ, ਕੁਲਜੀਤ, ਰਣਜੀਤ ਕੌਰ, ਗੁਲਸ਼ਨ ਕੋਮਲ, ਯੁੱਧਵੀਰ ਮਾਣਕ, ਸੁਰੇਸ਼ ਯਮਲਾ, ਚਮਕ ਚਮਕੀਲਾ, ਸੁੱਖ ਚਮਕੀਲਾ, ਹਸਨ ਮਾਣਕ, ਭੱਟੀ ਭੜੀਵਾਲਾ, ਸੰਧੇ ਸੁਖਬੀਰ, ਪਰਗਟ ਸਿੰਘ ਗਰੇਵਾਲ, ਪ੍ਰੋ.ਗੁਰਭਜਨ ਸਿੰਘ ਗਿੱਲ, ਜਸਮੇਰ ਢੱਟ, ਰਣਜੀਤ ਮਣੀ, ਕਰਮਦੀਪ ਸਿੰਘ ਵਿਰਦੀ, ਅਸ਼ਵਨੀ ਜੇਤਲੀ, ਭਿੰਦਰ ਡਬਵਾਲੀ, ਡਾ.ਹਰੀ ਸਿੰਘ ਜਾਚਕ, ਦਰਸ਼ਨ ਸਿੰਘ ਆਸ਼ਟ, ਹਰਵਿੰਦਰ ਥਰੀਕੇ, ਜਗਵੰਤ ਥਰੀਕੇ, ਸੁਰਿੰਦਰ ਸੇਠੀ, ਮਦਨ ਜਲੰਧਰੀ, ਮਨੋਹਰ ਧਾਰੀਵਾਲ, ਕਮਲ ਸੀਪਾ, ਮਾਣਕ ਸੁਰਜੀਤ, ਗਾਇਕਾ ਸੁਖਵਿੰਦਰ ਕੌਰ, ਜਗਦੀਸ਼ ਲਾਲ, ਮੰਜੂ ਮਾਨ, ਨਰਿੰਦਰ ਨੂਰ ਆਦਿ ਹਾਜ਼ਰ ਸਨ।