ਲੈਂਡ ਮੋਰਗੇਜ ਬੈਂਕ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਲਈ ਧੋਖਾਧੜੀ ਕਰਨ ਦਾ ਦੋਸ਼ ਲਗਾਇਆ

- ਕਿਸਾਨਾਂ ਨੇ ਧੋਖਾਧੜੀ ਦੇ ਰੋਸ ਵਜੋਂ ਲੈਂਡ ਮੋਰਗੇਜ ਬੈਂਕ ਲੁਧਿਆਣਾ ਅੱਗੇ ਲਾਇਆ ਧਰਨਾ
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਬੈਂਕ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਪਿੰਡ ਹਰੀ ਨੌ ਦੇ ਸਕੇ ਭਰਾਵਾਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਬੈਂਕ ਵੱਲੋਂ ਕੀਤੀ ਗਈ ਧੋਖਾਧੜੀ ਦੇ ਸ਼ਿਕਾਰ ਹੋਏ ਸਾਰੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬੈਂਕ ਲੁਧਿਆਣਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਬੈਂਕ ਵੱਲੋਂ ਲਏ ਗਏ ਖਾਲੀ ਚੈੱਕ ਵਾਪਸ ਕਰਵਾਉਣ ਲਈ ਫਰੀਦਕੋਟ ਵਿਖੇ ਬੈਂਕ ਦੇ ਅੱਗੇ 30 ਮਾਰਚ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ ਅਤੇ ਲੁਧਿਆਣਾ ਵਿਖੇ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਾਇਆ ਗਿਆ। ਬੱਗਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੇ ਲੈਂਡ ਮੋਰਗੇਜ ਬੈਂਕ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਚਿੱਟੇ ਦਿਨ ਕਿਸਾਨਾਂ ਨਾਲ ਕੀਤੀ ਗਈ ਧੋਖਾਧੜੀ ਦੇ ਅਨੇਕਾਂ ਮਾਮਲੇ ਪੰਜਾਬ ਭਰ ਵਿੱਚੋਂ ਸਾਹਮਣੇ ਆ ਚੁੱਕੇ ਹਨ ਅਤੇ ਬੈਂਕ ਵੱਲੋਂ ਮਜਬੂਰ ਕਰਨ ਕਰਕੇ ਹੀ ਪਿਛਲੇ ਦਿਨੀ ਪਿੰਡ ਹਰੀ ਨੌ ਜ਼ਿਲ੍ਹਾ ਫਰੀਦਕੋਟ ਦੇ ਦੋ ਸਕੇ ਭਰਾਵਾਂ ਵੱਲੋਂ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ, ਪਰ ਲੋਕਾਂ ਦੇ ਹੱਕ ਦਾ ਇੱਕ ਵੀ ਪੈਸਾ ਖਾਣਾ ਸਲਫਾਸ ਖਾਣ ਬਰਾਬਰ ਕਹਿਣ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਆਪਣੀ ਅਗਵਾਈ ਵਾਲੇ ਬੈਂਕ ਵੱਲੋਂ ਹੀ ਅਨੇਕਾਂ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਜਾ ਚੁੱਕੀ ਹੈ ਅਤੇ ਮੁੱਖ ਮੰਤਰੀ ਦੀ ਅਗਵਾਈ ਵਾਲੇ ਇਸੇ ਬੈਂਕ ਦੇ ਮੁਲਾਜ਼ਮਾਂ ਵੱਲੋਂ ਮਜਬੂਰ ਕਰਨ ਤੇ ਪਿੰਡ ਹਰੀ ਨੌਂ ਦੇ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ, ਪਰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਵੱਲੋਂ ਦੋਸ਼ੀਆਂ ਉੱਤੇ ਕਾਰਵਾਈ ਕਰਦੇ ਹੋਏ ਪੀੜਤ ਕਿਸਾਨਾਂ ਨੂੰ ਇਨਸਾਫ਼ ਤਾਂ ਕਿੱਥੋਂ ਦੇਣਾ ਸੀ। ਮੁੱਖ ਮੰਤਰੀ ਵੱਲੋਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਦੋ ਨਿੱਕੀਆਂ ਨਿੱਕੀਆਂ ਧੀਆਂ ਦੇ ਸਿਰ ਉੱਤੇ ਹੱਥ ਰੱਖਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ।
ਬੱਗਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਬੈਂਕਾਂ ਅੱਗੇ ਪਹੁੰਚਣ ਲਈ ਪਿਛਲੇ ਦਿਨੀਂ ਸਾਰੇ ਹੀ ਪੀੜਤ ਕਿਸਾਨਾਂ ਨੂੰ ਸੁਨੇਹਾ ਲਾਇਆ ਗਿਆ ਸੀ, ਜਿਸ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਬੈਂਕ ਦੇ ਮੁਲਾਜ਼ਮਾਂ ਵੱਲੋਂ ਪੀੜਤ ਕਿਸਾਨਾਂ ਨੂੰ ਬੈਂਕ ਅੱਗੇ ਚੱਲ ਰਹੇ ਧਰਨੇ ਵਿੱਚ ਪਹੁੰਚਣ ਤੋਂ ਰੋਕਣ ਲਈ ਹਰ ਇੱਕ ਹੱਥਕੰਡਾ ਵਰਤਿਆ ਗਿਆ, ਤਾਂ ਜੋ ਬੈਂਕ ਵੱਲੋਂ ਕੀਤੇ ਗਏ ਘਪਲਿਆਂ ਨੂੰ ਲੁਕੋਇਆ ਜਾ ਸਕੇ। ਗੁਰਦੀਪ ਸਿੰਘ ਬਰਮਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਆਪਣੇ ਲੋਕਾਂ ਦੇ ਹੱਕਾਂ ਹਕੂਕਾਂ ਲਈ ਡੱਟ ਕੇ ਖੜ੍ਹੀ ਹੈ ਅਤੇ ਜਿੰਨਾ ਸਮਾਂ ਪੀੜਤ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਕਿਸਾਨਾਂ ਨੂੰ ਲੁੱਟਣ ਵਾਲੇ ਦੋਸ਼ੀਆਂ ਉੱਪਰ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਸਮਾਂ ਬੀਕੇਯੂ ਏਕਤਾ ਸਿੱਧੂਪੁਰ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਕਰਮਜੀਤ ਸਿੰਘ ਕੋਟ ਆਗਾਂ, ਅਮਰੀਕ ਸਿੰਘ ਹਲਵਾਰਾ, ਜਗਰੂਪ ਸਿੰਘ ਭੈਣੀ ਬੜਿੰਗਾ, ਅਵਤਾਰ ਸਿੰਘ ਰਾਣਵਾਂ, ਕਲਵੰਤ ਸਿੰਘ ਚੋਮੋ, ਬਲਰਾਜ ਸਿੰਘ ਰਾਮਪੁਰ, ਗੁਰਪ੍ਰੀਤ ਸਿੰਘ ਛੰਦੜਾਂ, ਰਜਵੰਤ ਸਿੰਘ ਗੁਰਮੀਤ ਸਿੰਘ ਕੋਟ ਗੰਗੂ ਰਾਏ, ਸੁਖਪਾਲ ਸਿੰਘ ਨੀਲੋ, ਜੱਗਾ ਥਰੀਕੇ, ਜਗਦੇਵ ਸਿੰਘ ਭੈਣੀ ਬੜਿੰਗਾ, ਜੋਤੀ ਨੰਬਰਖਉਦਾਰ ਹਲਵਾਰਾ ਆਦਿ ਕਿਸਾਨ ਆਗੂ ਹਾਜ਼ਰ ਸਨ।