ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਕੀਤਾ ਜ਼ਮੀਨ ਦਾ ਸੌਦਾ, ਪੜਤਾਲ ਤੋਂ ਬਾਅਦ 3 ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ
ਫਰਜੀ ਦਸਤਾਵੇਜ਼ ਤਿਆਰ ਕਰਕੇ ਕੀਤਾ ਜ਼ਮੀਨ ਦਾ ਸੌਦਾ
Publish Date: Sat, 18 Apr 2026 06:25 PM (IST)
Updated Date: Sat, 18 Apr 2026 06:27 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਮੰਡ ਚੌਂਤਾ ਇਲਾਕੇ ਵਿਚ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਕ ਜ਼ਮੀਨ ਦਾ ਸੌਦਾ ਕਰ ਕੇ ਰਕਮ ਹਾਸਲ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਨਿਹਾਲ ਸਿੰਘ ਵਾਲਾ ਮੋਗਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਮਹਾਰਾਜਾ ਰਣਜੀਤ ਸਿੰਘ ਨਗਰ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਅਤੇ ਨੰਦ ਸਿੰਘ ਖਿਲਾਫ ਧੋਖਾਧੜੀ ਅਪਰਾਧਿਕ ਸਾਜ਼ਿਸ਼ ਤੇ ਦਸਤਾਵੇਜ਼ਾਂ ਨਾਲ ਛੇੜ ਛਾੜ ਦੀਆਂ ਆਦ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਅਰਸਾ ਪਹਿਲੋਂ ਮੁਲਜ਼ਮਾਂ ਨੇ ਉਸ ਨਾਲ ਪਿੰਡ ਚੌਤਾ ਮੰਡ ਦੀ 859 ਕਨਾਲ ਜ਼ਮੀਨ ਦਾ ਸੌਦਾ ਕੀਤਾ। ਮੁਲਜਮਾਂ ਨੇ ਉਸ ਕੋਲੋਂ 15 ਲਖ 55 ਹਜ਼ਾਰ ਰੁਪਏ ਬਤੌਰ ਪੇਸ਼ਗੀ ਹਾਸਲ ਕਰ ਲਏ। ਜਾਂਚ ਕਰਨ ’ਤੇ ਹਰਵਿੰਦਰ ਸਿੰਘ ਨੂੰ ਪਤਾ ਲੱਗਾ ਕਿ ਇਹ ਸੌਦਾ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਹਰਵਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਥਾਣਾ ਕੂੰਮ ਕਲਾਂ ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਤਫਤੀਸ਼ੀ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਕੇਸ ਵਿਚ ਪੁਲਿਸ ਨੇ ਨੰਦ ਸਿੰਘ ਤੇ ਬਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।