ਸਿਰਫ਼ ਕੰਮ ਕਰਨ ਵਾਲੀ ਮਸ਼ੀਨ ਨਹੀਂ, ਮਜ਼ਦੂਰਾਂ ਦੀ ਮਿਹਨਤ ਨਾਲ ਬਣਦੈ ਮਜਬੂਤ ਦੇਸ਼

ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ’ਤੇ ਵਿਸ਼ੇਸ਼
-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਜੁੜੇ ਲੋਕਾਂ ਨੇ ਪ੍ਰਗਟਾਏ ਵਿਚਾਰ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ, ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ 'ਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲਿਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ। ਇਸ ਘਟਨਾ ਤੋਂ ਕੁੱਝ ਸਮੇਂ ਬਾਅਦ ਹੀ ਅਮਰੀਕਾ 'ਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ। ਪੇਸ਼ ਹੈ ਮਜ਼ਦੂਰ ਦਿਵਸ ਸਬੰਧੀ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਪ੍ਰਗਟਾਏ ਵਿਚਾਰ।
ਮਜ਼ਦੂਰਾਂ ਦਾ ਵੱਧ ਤੋਂ ਵੱਧ ਕੀਤਾ ਜਾਵੇ ਮਾਣ ਤਾਣ-ਅੰਜੂ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਪੰਜਾਬੀ ਜਾਗਰਣ ਨਾਲ ਖਾਸ ਤੌਰ ਤੇ ਗੱਲਬਾਤ ਕਰਦੇ ਹੋਏ ਸ਼ਾਇਰਾ ਅੰਜੂ ਅਮਨਦੀਪ ਗਰੋਵਰ ਨੇ ਕਿਹਾ ਕਿ ਮਜ਼ਦੂਰ ਸਦਕਾ ਹੀ ਸਮਾਜ, ਸ਼ਹਿਰ ਅਤੇ ਦੇਸ਼ ਦੀ ਤਰੱਕੀ 'ਚ ਵਾਧਾ ਹੁੰਦਾ ਹੈ। ਜੇ ਮਜ਼ਦੂਰ ਨਾ ਹੋਣ ਤਾਂ ਸਮਾਜਕ ਵਿਕਾਸ ਦੇ ਨਾਲ-ਨਾਲ ਹੋਰ ਵੀ ਕਈ ਕੰਮ ਆਪਣੇ ਮੁਕਾਮ 'ਤੇ ਨਹੀਂ ਪਹੁੰਚ ਸਕਦੇ ਪਰ ਅਸੀਂ ਕਈ ਵਾਰ ਜਾਣੇ ਅਤੇ ਅਣਜਾਣੇ 'ਚ ਇਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ। ਅੱਜ ਦੇ ਹਰ ਇੱਕ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਮਜ਼ਦੂਰਾਂ ਦਾ ਵੱਧ ਤੋਂ ਵੱਧ ਮਾਣ ਤਾਣ ਕੀਤਾ ਜਾਵੇ।
ਹਰ ਵਿਅਕਤੀ ਮਨਾਵੇ ਮਜ਼ਦੂਰ ਦਿਵਸ-ਤਮੰਨਾ
ਗੱਲਬਾਤ ਕਰਦੇ ਹੋਏ ਲੇਖਿਕਾ ਅਤੇ ਸਮਾਜਸੇਵੀ ਤਮੰਨਾ ਸੋਨੀ ਨੇ ਕਿਹਾ ਕਿ ਅੱਜ ਵੀ ਮਜ਼ਦੂਰ ਨੂੰ ਕੇਵਲ ਇੱਕ ਕੰਮ ਕਰਨ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ ਹੈ ਜਦ ਕਿ ਉਹ ਸਿਰਫ਼ ਕੰਮ ਕਰਨ ਵਾਲੀ ਮਸ਼ੀਨ ਨਹੀਂ ਸਗੋਂ ਮਜ਼ਦੂਰਾਂ ਦੀ ਮਿਹਨਤ ਨਾਲ ਹੀ ਦੇਸ਼ ਮਜਬੂਤ ਬਣਦਾ ਹੈ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਜ਼ਦੂਰ ਵੱਲੋਂ ਕੀਤੀ ਮਿਹਨਤ ਦੀ ਮੁੱਲ ਦਿਨ ਪ੍ਰਤੀ ਦਿਨ ਘੱਟ ਹੋ ਰਿਹਾ ਹੈ। ਮਜਦੂਰ ਦਾ ਮਨੋਬਲ ਵਧਾਉਣ ਲਈ ਉਸ ਨੂੰ ਇਜ਼ਤ ਦੇਣਾ ਸਾਡਾ ਸਭ ਦਾ ਫ਼ਰਜ਼ ਹੈ ਇਸ ਗੱਲ ਨੂੰ ਸਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਇਹ ਦਿਨ ਮਨਾਉਣਾ ਚਾਹੀਦਾ ਹੈ।
ਬਹੁਤੇ ਲੋਕ ਮਜ਼ਦੂਰ ਦਿਵਸ ਦੀ ਅਹਿਮੀਅਤ ਨੂੰ ਨਹੀ ਜਾਣਦੇ-ਗਰੇਵਾਲ
ਗੱਲਬਾਤ ਕਰਦੇ ਹੋਏ ਸ਼ਾਇਰਾ ਜਸਵੰਤ ਕੌਰ ਗਰੇਵਾਲ ਨੇ ਕਿਹਾ ਕਿ 1 ਮਈ ਨੂੰ ਦੁਨੀਆ ਭਰ 'ਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਪਰ ਬਹੁਤੇ ਲੋਕ ਇਸ ਦੀ ਅਹਿਮੀਅਤ ਨੂੰ ਨਹੀ ਜਾਣਦੇ। ਇਸ ਪ੍ਰਤੀ ਵੀ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ, ਜਿਸ 'ਚ ਸਮਾਜ ਸੇਵੀ ਜੱਥੇਬੰਦੀਆਂ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਸਕਦੀਆਂ ਹਨ। ਹਰ ਅਦਾਰੇ 'ਚ ਕੰਮ ਕਰਨ ਵਾਲਾ ਮਜ਼ਦੂਰ ਇੱਕ ਵਰਕਰ ਹੀ ਨਹੀਂ, ਸਗੋਂ ਉਸ ਸੰਸਥਾਨ ਦਾ ਮੈਂਬਰ ਵੀ ਹੁੰਦਾ ਹੈ, ਜਿਸ ਦੀ ਤਰੱਕੀ 'ਚ ਮਜ਼ਦੂਰ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਮਜ਼ਦੂਰ ਦੀ ਤਾਕਤ ਦੀ ਪ੍ਰਤੀਕ ਹੈ 1 ਮਈ-ਇੰਜੀਨੀਅਰ ਚਰਨਜੀਤ ਸਿੰਘ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਗੱਲਬਾਤ ਕਰਦੇ ਹੋਏ ਇੰਜੀਨੀਅਰ ਚਰਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਮਈ ਦਿਵਸ ਦੀ ਸ਼ੁਰੂਆਤ ਹੋਇਆ ਇੱਕ ਸਦੀ ਤੋਂ ਵੀ ਉੱਪਰ ਸਮਾਂ ਹੋ ਚੁੱਕਾ ਹੈ ਪਰ ਜਦੋਂ ਅਸੀਂ ਆਪਣੇ ਖੇਤ ਮਜ਼ਦੂਰਾਂ, ਸਨਅਤੀ ਅਦਾਰਿਆਂ 'ਚ ਕੰਮ ਕਰਦੇ ਮਜ਼ਦੂਰਾਂ ਤੇ ਹੋਰ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਚ ਕੰਮ ਕਰਦੇ ਮੁਲਾਜ਼ਮਾਂ ਦੇ ਰੋਜ਼ਾਨਾ ਜੀਵਨ 'ਤੇ ਝਾਤ ਮਾਰਦੇ ਹਾਂ ਤਾਂ ਸਾਨੂੰ ਉਨ੍ਹਾਂ ਦੇ ਜੀਵਨ 'ਚ ਕੋਈ ਬਹੁਤੀ ਤਬਦੀਲੀ ਆਈ ਮਹਿਸੂਸ ਨਹੀਂ ਹੁੰਦੀ। ਮਜ਼ਦੂਰ ਨੂੰ ਆਪਣੀ ਤਾਕਤ ਸਮਝਣੀ ਚਾਹੀਦੀ ਹੈ। ਇਹ ਉਹੀ ਮਜ਼ਦੂਰ, ਕਿਰਤੀ ਅਤੇ ਕਿਸਾਨ ਹਨ ਜਿੰਨ੍ਹਾਂ ਕਾਰਨ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ।
ਕਿਰਤ ਨੂੰ ਪਹਿਲ ਦਿੰਦੇ ਹੋਏ ਮਜ਼ਦੂਰਾਂ ਦਾ ਸਤਿਕਾਰ ਕਰੀਏ-ਕਲਸੀ
ਗੱਲਬਾਤ ਕਰਦੇ ਹੋਏ ਕਾਰੋਬਾਰੀ ਅਬਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ 'ਚ ਆਵਾਜ਼ ਉਠਾਈ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਅਤੇ ਦਸਵੰਧ ਕੱਢਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਕਿਰਤ ਨੂੰ ਪਹਿਲ ਦਿੰਦੇ ਹੋਏ ਮਜ਼ਦੂਰਾਂ ਦਾ ਸਤਿਕਾਰ ਕਰੀਏ। ਉਨ੍ਹਾਂ ਇਸ ਸਬੰਧੀ ਜਾਗਰੂਕਤਾ ਫੈਲਾਉਣ ਦੀ ਗੱਲ ਵੀ ਕੀਤੀ।
ਮਜ਼ਦੂਰ ਦਾ ਉਤਸ਼ਾਹ ਅਤੇ ਹੌਂਸਲਾ ਵਧੇ-ਭਾਈ ਮਨਜੋਤ ਸਿੰਘ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਗੱਲ ਕਰਦੇ ਹੋਏ ਭਾਈ ਮਨਜੋਤ ਸਿੰਘ ਨੇ ਕਿਹਾ ਕਿ ਮਸ਼ੀਨੀਕਰਨ ਨਾਲ ਮਜ਼ਦੂਰ ਦੇ ਹਾਲਾਤ ਖ਼ਰਾਬ ਹੋ ਰਹੇ ਹਨ, ਜਿਸ ਤਰਾਂ ਨਾਲ ਮਸ਼ੀਨੀਕਰਨ ਵੱਧ ਰਿਹਾ ਹੈ, ਇਸ ਨਾਲ ਸਮਾਜ ਅੰਦਰ ਬੇਰੁਜ਼ਗਾਰੀ ਦਾ ਵਾਧਾ ਯਕੀਨੀ ਹੈ, ਜੋ ਸਮਾਜ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਦੇਸ਼ ਦੀ ਚੰਗੀ ਅਰਥ ਵਿਵਸਥਾ ਲਈ ਮਜ਼ਦੂਰ ਦਾ ਸਥਾਨ ਬਹੁਤ ਅਹਿਮ ਹੈ, ਅਜੋਕੇ ਸਮੇ ਦੌਰਾਨ ਮਜ਼ਦੂਰ ਦੀ ਹਾਲਤ ਪਤਲੀ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦਾ ਕਾਰਨ ਮਜ਼ਦੂਰ ਵਿਰੋਧੀ ਨੀਤੀਆਂ ਹਨ। ਕੁੱਝ ਅਜਿਹੀਆਂ ਨੀਤੀਆਂ ਬਣਨੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਮਜ਼ਦੂਰ ਦਾ ਉਤਸ਼ਾਹ ਅਤੇ ਹੌਂਸਲਾ ਵਧੇ।
ਮਜ਼ਦੂਰਾਂ ਨੂੰ ਸਲਾਮ ਕਰਨਾ ਬਣਦੈ-ਪ੍ਰੇਮਪ੍ਰੀਤ ਸਿੰਘ
ਕਾਰੋਬਾਰੀ ਪ੍ਰੇਮਪ੍ਰੀਤ ਸਿੰਘ ਨੇ ਸੰਤ ਰਾਮ ਉਦਾਸੀ ਦੀਆਂ ਸਤਰਾਂ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੱਘਦਾ ਰਹੇ ਵੇ ਸੂਰਜਾ ਕੰਮੀਆ ਦੇ ਵਿਹੜੇ ਦੀ ਗੱਲ ਕਰਦੇ ਹੋਏ ਕਿਹਾ ਕਿ ਇਸ ਵਿੱਚ ਮਜ਼ਦੂਰਾਂ ਦਾ ਉਤਸ਼ਾਹ ਵਧਾਉਣ ਦੀ ਗੱਲ ਬਾਖੂਬੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਹਰ ਹਾਲ ਵਿੱਚ ਮਿਲਣਾ ਚਾਹੀਦਾ ਹੈ। ਪ੍ਰੇਮਪ੍ਰੀਤ ਨੇ ਕਿਹਾ ਕਿ ਜੇਕਰ ਖੁਸ਼ੀ ਖੁਸ਼ੀ ਮਿਹਨਤਕਸ਼ਾ ਨੂੰ ਮਿਹਨਤ ਦਾ ਮੁੱਲ ਦਿੱਤਾ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਕ ਮਜ਼ਦੂਰ ਦੇ ਦੁੱਖ ਅਤੇ ਦਰਦ ਦੂਰ ਹੋ ਜਾਣਗੇ।
ਆਮ ਨਹੀਂ ਖਾਸ ਹੁੰਦੇ ਹਨ ਮਿਹਨਤਕਸ਼ ਲੋਕ-ਬੱਧਣ
ਲੇਖਕ ਮਨਜੀਤ ਸਿੰਘ ਬੱਧਣ ਨੇ ਕਿਹਾ ਕਿ ਮਜ਼ਦੂਰ ਦਿਵਸ ਦੇ ਮੌਕੇ 'ਤੇ ਕਿਰਤੀ ਸ੍ਰੈਣੀ ਨੂੰ ਮੁਬਾਰਕਬਾਦ ਅਤੇ ਉਨਾਂ ਦੀ ਮਿਹਨਤ ਨੂੰ ਸਲਾਮ ਹੈ। ਕੋਹਰਾ, ਧੁੰਦ, ਮੀਂਹ, ਲੂ ਆਦਿ ਕੋਈ ਵੀ ਮੌਸਮ ਹੋਵੇ, ਕਿਰਤੀ-ਮਜ਼ਦੂਰ ਕੰਮ 'ਤੇ ਜਾਂਦੇ ਤੇ ਵਾਪਿਸ ਆਉਂਦੇ ਵਿਖਾਈ ਦੇ ਜਾਂਦੇ ਹਨ। ਖੇਤੀਬਾੜੀ, ਉਦਯੋਗ, ਨਿਰਮਾਣ ਅਤੇ ਹੋਰ ਖੇਤਰਾਂ ਵਿੱਚ ਪਸੀਨਾ ਵਹਾਉਣ ਵਾਲੇ ਮਜ਼ਦੂਰਾਂ ਦਾ ਸਾਧਾਰਨ ਜਿਹਾ ਪਹਿਰਾਵਾ ਹੁੰਦਾ ਹੈ। ਸਾਇਕਲ ਦੇ ਹੈਂਡਲ ਨਾਲ ਥੈਲਾ ਲਮਕਿਆ ਹੁੰਦਾ ਹੈ। ਜੇਕਰ ਕਿਸੇ ਫੈਕਟਰੀ, ਨਿਰਮਾਣ ਸਥਾਨ ਜਾਂ ਕਿਸੇ ਹੋਰ ਮੁਕਾਮ 'ਤੇ ਨਿਯਮਤ ਰੁਜ਼ਗਾਰ ਨਹੀਂ ਹੈ ਤਾਂ ਸ਼ਹਿਰਾਂ-ਕਸਬਿਆਂ ਦੇ ਚੌਂਕਾਂ ਜਾਂ ਕੁਝ ਅਜਿਹੇ ਸਥਾਨਾਂ 'ਤੇ ਖੜ੍ਹੇ-ਬੈਠੇ ਵਿਖਾਈ ਦੇ ਜਾਂਦੇ ਹਨ ਜਿੱਥੋਂ ਕੋਈ ਇਨਸਾਨ ਜਾਂ ਠੇਕੇਦਾਰ ਆਪਣੇ ਨਾਲ ਕਿਸੇ ਮਜ਼ਦੂਰ ਨੂੰ ਕੰਮ ਕਰਵਾਉਣ ਲਈ ਲੈ ਜਾਂਦਾ ਹੈ। ਇਹ ਸਾਰੇ ਮਿਹਨਤਕਸ਼ ਲੋਕ ਆਮ ਨਹੀਂ ਖਾਸ ਹੁੰਦੇ ਹਨ।