Khanna News : ਨੈਸ਼ਨਲ ਹਾਈਵੇ 'ਤੇ ਹੋਈ ਟਰਾਲੇ ਤੇ ਟਿੱਪਰ ਦੀ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਦਾਸੇ ’ਚ ਟਿੱਪਰ ਦਾ ਟਾਇਰ ਬਦਲ ਰਿਹਾ ਡਰਾਈਵਰ ਆਪਣੀ ਗੱਡੀ ਦਾ ਸ਼ਿਕਾਰ ਹੋ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਪਿੱਛੋਂ ਆ ਰਿਹਾ ਝੋਨੇ ਨਾਲ ਭਰਿਆ ਟਰਾਲਾ ਬਣਿਆ।
Publish Date: Sat, 08 Nov 2025 08:55 PM (IST)
Updated Date: Sat, 08 Nov 2025 08:58 PM (IST)
ਕੁਲਵਿੰਦਰ ਸਿੰਘ ਰਾਏ, ਖੰਨਾ : ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਦਾਸੇ ’ਚ ਟਿੱਪਰ ਦਾ ਟਾਇਰ ਬਦਲ ਰਿਹਾ ਡਰਾਈਵਰ ਆਪਣੀ ਗੱਡੀ ਦਾ ਸ਼ਿਕਾਰ ਹੋ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਪਿੱਛੋਂ ਆ ਰਿਹਾ ਝੋਨੇ ਨਾਲ ਭਰਿਆ ਟਰਾਲਾ ਬਣਿਆ। ਟਰਾਲੇ ’ਚ ਫਸੇ ਡਰਾਈਵਰ ਨੂੰ ਢਾਈ ਘੰਟੇ ਬਾਅਦ ਬਾਹਰ ਕੱਢਿਆ ਗਿਆ। ਇੰਝ ਹਾਦਸੇ ’ਚ ਦੋਵੇਂ ਡਰਾਈਵਰਾਂ ਦੀ ਮੌਤ ਹੋ ਗਈ ਤੇ ਕਲੀਨਰ ਜ਼ਖਮੀ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਮੰਡੀ (ਹਿਮਾਚਲ ਪ੍ਰਦੇਸ਼) ਦੇ ਰਹਿਣ ਵਾਲੇ ਵਿਪਨ ਕੁਮਾਰ ਅਤੇ ਮੁਜ਼ੱਫਰਨਗਰ (ਯੂਪੀ) ਦੇ ਰਹਿਣ ਵਾਲੇ ਤਨਵੀਰ ਵਜੋਂ ਹੋਈ ਹੈ। ਜ਼ਖਮੀ ਰਵੀਸ਼ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਵਿਪਨ ਕੁਮਾਰ ਲੁਧਿਆਣਾ ਵੱਲ ਬੱਜਰੀ ਨਾਲ ਭਰਿਆ ਟਿੱਪਰ ਲੈ ਕੇ ਜਾ ਰਿਹਾ ਸੀ। ਮੰਜੀ ਸਾਹਿਬ ਤੋਂ ਅੱਗੇ ਬਰਮਾਲੀਪੁਰ ਨੇੜੇ ਟਿੱਪਰ ਦਾ ਟਾਇਰ ਪੈਂਚਰ ਹੋ ਗਿਆ। ਵਿਪਨ ਨੇ ਟਾਇਰ ਬਦਲਣ ਲਈ ਗੱਡੀ ਰੋਕੀ।
ਇਸੇ ਦੌਰਾਨ ਝੋਨੇ ਨਾਲ ਭਰਿਆ ਟਰਾਲਾ ਤੇਜ਼ ਰਫ਼ਤਾਰ ਨਾਲ ਟਿੱਪਰ ਨਾਲ ਟਕਰਾਅ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟਰਾਲੇ ਦੇ ਕੈਬਿਨ ’ਚੋਂ ਕਲੀਨਰ ਰਵੀਸ਼ ਬਾਹਰ ਆ ਡਿੱਗਿਆ। ਡਰਾਈਵਰ ਤਨਵੀਰ ਕੈਬਿਨ ’ਚ ਬੁਰੀ ਤਰ੍ਹਾਂ ਫਸ ਗਿਆ ਜਦੋਂਕਿ ਟਿੱਪਰ ਚਾਲਕ ਵਿਪਨ ਕੁਮਾਰ ਦੀ ਆਪਣੀ ਗੱਡੀ ਦਾ ਟਾਇਰ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਕੈਬਿਨ ’ਚ ਫਸੇ ਟ੍ਰੇਲਰ ਚਾਲਕ ਤਨਵੀਰ ਨੂੰ ਸੜਕ ਸੁਰੱਖਿਆ ਬਲ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਟੀਮ ਅਤੇ ਰਾਹਗੀਰਾਂ ਦੀ ਮਦਦ ਨਾਲ ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਚਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।