ਕੇਜਰੀਵਾਲ ਦੋਸ਼ ਮੜਨ ਦੀ ਬਜਾਏ ਆਤਮ ਚਿੰਤਨ ਕਰਨ : ਮਨੋਰੰਜਨ ਕਾਲੀਆ
ਕੇਜਰੀਵਾਲ ਦੋਸ਼ ਮੜਨ ਦੀ ਬਜਾਏ ਆਤਮ ਚਿੰਤਨ ਕਰਨ-ਮਨੋਰੰਜਨ ਕਾਲੀਆ
Publish Date: Tue, 28 Apr 2026 06:12 PM (IST)
Updated Date: Tue, 28 Apr 2026 06:16 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਭਾਜਪਾ ਦੇ ਜ਼ਿਲ੍ਹਾ ਦਫਤਰ, ਦੁੱਗਰੀ ਰੋਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ‘ਆਪ’ ਪਾਰਟੀ ਅੰਦਰੂਨੀ ਖਿਚੋਤਾਣ, ਤਾਨਾਸ਼ਾਹੀ ਰਵੱਈਏ ਅਤੇ ਨਾਰਾਜ਼ਗੀ ਨਾਲ ਜੂਝ ਰਹੀ ਹੈ। ਕਾਲੀਆ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦੋਸ਼ ਮੜ੍ਹਨ ਦੀ ਬਜਾਏ ਆਤਮ ਚਿੰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਾਰਟੀ ਦੇ ਨੁਮਾਇੰਦਿਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਗੱਦਾਰ ਕਹਿਣ ਨਾਲ ‘ਆਪ’ ਦੀ ਡਿੱਗ ਚੁੱਕੀ ਸਾਖ ਹੁਣ ਬਚ ਨਹੀਂ ਸਕਦੀ। ਪੰਜਾਬ ਵਿਚ ਪਿਛਲੇ 4 ਸਾਲਾਂ ਦੌਰਾਨ ‘ਆਪ’ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਡਿਕਟੇਟਰਸ਼ਿੱਪ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਕਾਨੂੰਨ-ਵਿਵਸਥਾ ਦੀ ਸਥਿੱਤੀ ਖਰਾਬ ਹੋਈ ਹੈ, ਬੇਰੁਜ਼ਗਾਰੀ ਵਧੀ ਹੈ ਤੇ ਵਿਕਾਸ ਕੰਮ ਠੱਪ ਹੋਏ ਹਨ। ਕਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ‘ਆਪ’ ਸਰਕਾਰ ਦੀ ਹਕੀਕਤ ਸਮਝ ਚੁੱਕੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਨਵਲ ਜੈਨ, ਰੇਨੂੰ ਥਾਪਰ, ਕਨਿਕਾ ਜਿੰਦਲ, ਰਜ਼ੇਸ ਮਿਸਰਾ, ਜਸਪਾਲ ਜਨੋਤਰਾ, ਡਾ. ਸਤੀਸ਼ ਕੁਮਾਰ ਤੇ ਹੋਰ ਆਗੂ ਵੀ ਹਾਜ਼ਰ ਸਨ।