ਅਹਿਮ ਤੇ ਜ਼ਰੂਰੀ ਖ਼ਬਰ-ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾ ਚਾਲੂ ਰੱਖਣਾ ਵੱਡੀ ਚੁਣੌਤੀ ਬਣੀ

-ਸਵਾਰੀਆਂ ਵੱਲੋਂ ਭਰਵਾਂ ਹੁੰਗਾਰਾ ਨਾ ਮਿਲਣ ਕਰਕੇ ਦਿੱਲੀ ਲਈ ਉਡਾਣਾਂ ਚਾਲੂ ਰੱਖਣੀਆਂ ਘਾਟੇ ਦਾ ਸੌਦਾ ਬਣੀਆਂ
-ਹਲਵਾਰਾ ਤੋਂ ਹੋਰਨਾਂ ਸ਼ਹਿਰਾਂ ਨੂੰ ਉਡਾਣਾਂ ਚਾਲੂ ਕਰਨ ਲਈ ਕੋਈ ਹੋਰ ਏਅਰਲਾਈਨ ਨਹੀਂ ਦਿਖਾ ਰਹੀ ਦਿਲਚਸਪੀ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਨੂੰ 2 ਜ਼ਹਾਜ਼ ਜਾਂਦੇ ਤੇ 2 ਜ਼ਹਾਜ ਦਿੱਲੀ ਤੋਂ ਆਉਂਦੇ ਹਨ। ਪਰ ਸਵਾਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਹੋਰਨਾਂ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਹੋਣੀਆਂ ਤਾਂ ਦੂਰ ਦੀ ਗੱਲ ਹੈ, ਸਗੋਂ ਦਿੱਲੀ ਲਈ ਰੋਜ਼ਾਨਾਂ 2 ਉਡਾਣਾਂ ਚਾਲੂ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਏਅਰ ਇੰਡੀਆ ਲਈ ਸਵਾਰੀਆਂ ਦੀ ਘੱਟ ਗਿਣਤੀ ਦੇ ਵਿਚਕਾਰ ਉਡਾਣਾਂ ਚਾਲੂ ਰੱਖਣਾ ਆਸਾਨ ਨਹੀਂ ਹੋਵੇਗਾ।
ਜਾਣਕਾਰੀ ਅਨੁਸਾਰ 15 ਮਈ ਤੋਂ ਹਲਵਾਰਾ ਹਵਾਈ ਅੱਡੇ ਤੋਂ ਸਵੇਰੇ 5.55 ਵਜੇ ਦਿੱਲੀ ਤੋਂ ਜ਼ਹਾਜ ਚੱਲ ਕੇ 7 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜਦਾ ਹੈ ਅਤੇ ਇਸੇ ਤਰ੍ਹਾਂ ਦੂਸਰਾ ਜ਼ਹਾਜ 12.55 ਵਜੇ ਦਿੱਲੀ ਤੋਂ ਚੱਲ ਕੇ 2.10 ਵਜੇ ਹਲਵਾਰਾ ਪੁੱਜਦਾ ਹੈ। ਇਸੇ ਤਰ੍ਹਾਂ ਹਲਵਾਰਾ ਤੋਂ ਸਵੇਰੇ 7.55 ’ਤੇ ਜ਼ਹਾਜ ਚੱਲ ਕੇ 9.10 ਵਜੇ ਦਿੱਲੀ ਪੁੱਜਦਾ ਹੈ ਅਤੇ ਇਸੇ ਤਰ੍ਹਾਂ ਦੂਸਰਾ ਜ਼ਹਾਜ ਦੁਪਹਿਰ 2.40 ਵਜੇ ਚੱਲ ਕੇ ਸ਼ਾਮ 3.55 ਵਜੇ ਦਿੱਲੀ ਪੁੱਜਦਾ ਹੈ। ਸਵੇਰ ਦੀ ਉਡਾਣ ਵਿੱਚ ਆਉਣ ਤੇ ਜਾਣ ਵਾਲਿਆਂ ਵੱਲੋਂ ਤਾਂ ਹੰਗਾਰਾ ਦਿੱਤਾ ਜਾ ਰਿਹਾ ਹੈ,ਪਰ ਦੂਸਰੀ ਊਡਾਣ ਵਿੱਚ ਸਵਾਰੀਆਂ ਦੀ ਗਿਣਤੀ ਘੱਟ ਹੈ।
ਹਲਵਾਰਾ ਹਵਾਈ ਅੱਡੇ ਤੋਂ ਜੇਕਰ ਕਿਸੇ ਨੇ ਹੋਰ ਦੇਸ਼ ਦੀ ਕੁਨੈਕਟਿਵ ਫਲਾਈਟ ਲੈਣੀ ਹੈ, ਤਾਂ ਉਸ ਨੂੰ ਕਿਰਾਇਆ ਵਾਰਾ ਨਹੀਂ ਖਾਂਦਾ, ਕਿਉਂਕਿ ਕੁਨੈਕਟਿਵ ਫਲਾਈਟ ਦਾ ਭਾਅ ਦੁੱਗਣਾ ਹੋ ਜਾਂਦਾ ਹੈ। ਹੋਰ ਤਾਂ ਹੋਰ ਜੇਕਰ ਕੋਈ ਵੀ ਵਿਅਕਤੀ ਹਲਵਾਰਾ ਤੋਂ ਘਰੇਲੂ ਉਡਾਣ ਲੈਕੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜਦਾ ਹੈ,ਤਾਂ ਉਸ ਨੂੰ ਆਪਣੇ ਵਾਧੂ ਭਾਰ ਦੇ ਪੈਸੇ ਦੇਣੇ ਪੈਂਦੇ ਹਨ। ਇਸ ਲਈ ਅੰਤਰਰਾਸ਼ਟਰੀ ਫਲਾਈਟ ਲੈਣ ਲਈ ਹਰ ਵਿਅਕਤੀ ਕਾਰ, ਰੇਲ ਗੱਡੀ ਰਾਹੀਂ ਦਿੱਲੀ ਜਾਣ ਨੂੰ ਤਰਜੀਹ ਦੇ ਰਿਹਾ ਹੈ। ਦਿੱਲੀ ਹਲਵਾਰਾ ਦਾ ਕਿਰਾਇਆ ਪਹਿਲਾਂ 7 ਹਜ਼ਾਰ ਰੁਪਏ ਤੋਂ ਪਾਰ ਹੋ ਗਿਆ ਸੀ, ਜੋ ਹੁਣ 3500 ਤੋਂ 4 ਹਜ਼ਾਰ ਰੁਪਏ ਵਿੱਚ ਮਿਲ ਰਹੀ ਹੈ।
ਜੇਕਰ ਹਲਵਾਰਾ ਹਵਾਈ ਅੱਡੇ ਤੋਂ ਸਵਾਰੀਆਂ ਦੀ ਗਿਣਤੀ ਇਸੇ ਤਰ੍ਹਾਂ ਘੱਟ ਰਹੀਂ, ਤਾਂ ਏਅਰਇੰਡੀਆ ਲਈ ਉਡਾਣਾਂ ਚਾਲੂ ਰੱਖਣਾ ਅਸਾਨ ਨਹੀਂ ਹੋਵੇਗਾ। ਹਲਵਾਰਾ ਹਵਾਈ ਅੱਡੇ ਨੂੰ ਹੁੰਗਾਰਾ ਨਾ ਮਿਲਣ ਦੇ ਚੱਲਦਿਆਂ ਹੋਰ ਕੰਪਨੀਆਂ ਵੱਲੋਂ ਵੀ ਦੇਸ਼ ਦੇ ਹੋਰਨਾਂ ਸ਼ਹਿਰਾਂ ਲਈ ਉਡਾਣਾਂ ਚਾਲੂ ਕਰਨ ਵਾਲੇ ਪਾਸੇ ਦਿਲਚਸਪੀ ਨਹੀਂ ਦਿਖਾਈ ਜਾਵੇਗੀ।
---
ਸ਼ਾਮ ਸਮੇਂ ਉਡਾਣ ਚਾਲੂ ਕਰਨ ਲਈ ਸੀਆਈਸੀਯੂ ਵੱਲੋਂ ਚਿੱਠੀ ਲਿਖਣ ਦਾ ਫ਼ੈਸਲਾ
ਹਲਵਾਰਾ ਹਵਾਈ ਅੱਡੇ ਤੋਂ ਦੁਪਹਿਰ ਦੀ ਬਜਾਏ ਸ਼ਾਮ ਸਮੇਂ ਦਿੱਲੀ ਦੀ ਉਡਾਣ ਅਤੇ ਦਿੱਲੀ ਤੋਂ ਹਲਵਾਰਾ ਹਵਾਈ ਅੱਡੇ ਦੀ ਉਡਾਣ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਚੈਂਬਰ ਆ਼ਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਆਈਸੀਯੂ) ਵੱਲੋਂ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਨੂੰ ਚਿੱਠੀ ਲਿਖ਼ਣ ਦਾ ਫ਼ੈਸਲਾ ਕੀਤਾ ਗਿਆ ਹੈ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਜਿਹੜਾ ਵੀ ਉਦਯੋਗਪਤੀ ਕਿਸੇ ਕੰਮ ਲਈ ਦਿੱਲੀ ਜਾਂਦਾ ਹੈ, ਉਹ ਸ਼ਾਮ ਤੱਕ ਵਾਪਸ ਆ ਸਕਦਾ ਹੈ। ਦੁਪਹਿਰ ਦੀ ਉਡਾਣ ਦਾ ਸਮਾਂ ਸਹੀ ਨਾ ਹੋਣ ਕਰਕੇ ਉਦਯੋਗਪਤੀਆਂ ਨੂੰ ਕਾਫ਼ੀ ਮੁਸ਼ਕਿਲ ਆ ਰਹੀ ਹੈ। ਇਸ ਲਈ ਦੁਪਹਿਰ ਦੀ ਊਡਾਣ ਨੂੰ ਸ਼ਾਮ ਸਮੇਂ ਲਈ ਕਰਵਾਉਣ ਲਈ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਚਿੱਠੀ ਲਿਖਾਂਗੇ। ਉਨ੍ਹਾਂ ਕਿਹਾ ਕਿ ਹਲਵਾਰਾ ਤੋਂ ਮੁੰਬਈ, ਅਹਿਮਦਾਬਾਦ, ਹੈਦਰਾਬਾਦ, ਚੈਨਈ ਲਈ ਵੀ ਉਡਾਣਾਂ ਚਾਲੂ ਹੋਣੀਆਂ ਚਾਹੀਦੀਆਂ ਹਨ।
---
ਉਡਾਣਾਂ ਚਾਲੂ ਰੱਖਣ ਲਈ ਉਦਯੋਗਪੀ ਤੇ ਸਮਾਜਸੇਵੀ ਅਪੀਲਾਂ ਕਰਨ ਲੱਗੇ
ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਚਾਲੂ ਰੱਖਣ ਲਈ ਲੁਧਿਆਣਾ ਦੇ ਉਦਯੋਗਪਤੀ ਜੇਆਰ ਸਿੰਘਲ, ਬਦੀਸ਼ ਜਿੰਦਲ, ਮੁਕੇਸ਼ ਭਾਟੀਆ, ਗੁਰਮੀਤ ਸਿੰਘ ਕੁਲਾਰ, ਨਰਿੰਦਰ ਭੰਮਰਾ, ਚਰਨਜੀਤ ਸਿੰਘ ਵਿਸ਼ਵਕਰਮਾ ਸਮੇਤ ਹੋਰ ਕਈ ਉਦਯੋਗਪਤੀਆਂ ਤੇ ਸਮਾਜਸੇਵੀਆਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਮੈਸੇਜ਼ ਪਾ ਕੇ ਆਖਿਆ ਜਾ ਰਿਹਾ ਹੈ ਕਿ ਹਲਵਾਰਾ ਲਈ ਮੌਜੂਦਾ ਏਅਰ ਇੰਡੀਆ ਦੀਆਂ ਉਡਾਣਾਂ ਸਿਰਫ਼ 20 ਫ਼ੀਸਦੀ ਸਮਰੱਥਾ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਅਸੀਂ ਲੜਦੇ ਰਹੇ, ਵਿਰੋਧ ਕਰਦੇ ਰਹੇ ਅਤੇ ਆਪਣੇ ਸ਼ਹਿਰ ਲਈ ਇੱਕ ਸਰਗਰਮ ਹਵਾਈ ਅੱਡਾ ਮੰਗਦੇ ਰਹੇ। ਹੁਣ ਜਦੋਂ ਸਾਨੂੰ ਹਵਾਈ ਅੱਡਾ ਮਿਲ ਗਿਆ ਹੈ, ਅਸੀਂ ਇਸਨੂੰ ਸਫਲ ਬਣਾਉਣ ਲਈ ਯਤਨ ਨਹੀਂ ਕਰ ਰਹੇ। ਜੇਕਰ ਇਹ ਉਡਾਣਾਂ ਖਾਲੀ ਰਹਿੰਦੀਆਂ ਹਨ, ਤਾਂ ਏਅਰਲਾਈਨਾਂ ਉਡਾਣਾਂ ਬੰਦ ਕਰ ਦੇਣਗੀਆਂ ਅਤੇ ਲੁਧਿਆਣਾ ਫਿਰ ਤੋਂ ਆਪਣੀ ਕਨੈਕਟੀਵਿਟੀ ਗੁਆ ਦੇਵੇਗਾ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਾਥੀਆਂ, ਐਨਆਰਆਈ ਰਿਸ਼ਤੇਦਾਰਾਂ, ਦੋਸਤਾਂ, ਸਹਿਯੋਗੀਆਂ ਤੇ ਹੋਰਨਾਂ ਨੂੰ ਲੁਧਿਆਣਾ ਤੋਂ ਹਵਾਈ ਜ਼ਹਾਜ ਰਾਹੀਂ ਦਿੱਲੀ ਆਉਣ ਤੇ ਜਾਣ ਲਈ ਅਪੀਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸੀਟਾਂ ਬੁੱਕਾ ਕਰਵਾ ਕੇ ਹਵਾਈ ਅੱਡੇ ਨੂੰ ਬਚਾਉਣਾ ਚਾਹੀਦਾ ਹੈ। ਜੇਕਰ ਇਹ ਹਵਾਈ ਅੱਡਾ ਉਡਾਣਾਂ ਤੋਂ ਸੱਖਣਾਂ ਰਹਿ ਜਾਂਦਾ ਹੈ, ਤਾਂ ਅਸੀਂ ਸਾਰੇ ਇਸ ਲਈ ਦੋਸ਼ੀ ਹੋਵਾਂਗੇ।