ਕਰਮਜੀਤ ਗਰੇਵਾਲ ਦੀ ਸ਼ਾਰਟ ਫਿਲਮ ‘ਸਕਰੀਨ ਬੁਖਾਰ’ ਨੂੰ ਮਿਲਿਆ ਪੁਰਸਕਾਰ
ਕਰਮਜੀਤ ਗਰੇਵਾਲ ਦੀ ਸ਼ਾਰਟ ਫਿਲਮ ‘ਸਕਰੀਨ ਬੁਖਾਰ’ ਨੂੰ ਮਿਲਿਆ ਪੁਰਸਕਾਰ
Publish Date: Tue, 05 May 2026 06:35 PM (IST)
Updated Date: Wed, 06 May 2026 04:11 AM (IST)

-ਕੈਨੇਡਾ ਦੇ ਮਾਂ ਬੋਲੀ ਫਿਲਮ ਮੇਲੇ ’ਚ ਐਲਾਨੀ ਗਈ ਸਰਬੋਤਮ ਸਮਾਜਿਕ ਸੰਦੇਸ਼ ਫਿਲਮ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸਰੀ (ਕੈਨੇਡਾ) ਵਿਖੇ ਕਰਵਾਏ ਗਏ 13ਵੇਂ ਮਾਂ ਬੋਲੀ ਫਿਲਮ ਮੇਲੇ ਦੌਰਾਨ ਕੌਮੀ ਪੁਰਸਕਾਰ ਜੇਤੂ ਅਧਿਆਪਕ ਅਤੇ ਲੁਧਿਆਣਾ ਨਿਵਾਸੀ ਕਰਮਜੀਤ ਸਿੰਘ ਗਰੇਵਾਲ ਦੀ ਲਿਖੀ ’ਤੇ ਨਿਰਦੇਸ਼ਿਤ ਕੀਤੀ ਸ਼ਾਰਟ ਫਿਲਮ ‘ਸਕਰੀਨ ਬੁਖਾਰ’ ਨੂੰ ਸਰਬੋਤਮ ਸਮਾਜਿਕ ਸੰਦੇਸ਼ ਫਿਲਮ ਕਰਾਰ ਦਿੰਦੇ ਹੋਏ ਪੁਰਸਕਾਰ ਪ੍ਰਦਾਨ ਕੀਤਾ ਗਿਆ ਜੋ 24 ਅਪਰੈਲ ਅਤੇ 30 ਅਪਰੈਲ ਨੂੰ ਦਿਖਾਈ ਗਈ। ਇਸ ਫਿਲਮ ਵਿੱਚ ਹਰਲੀਨ ਕੌਰ, ਮਨਜੋਤ ਕੌਰ, ਸਹਿਜ, ਸ਼ਾਹਿਦਾ ਪਰਵੀਨ, ਪਲਮੀਤ ਕੌਰ, ਹਰਪ੍ਰੀਤ ਕੌਰ ਅਤੇ ਗੁਰਨੂਰ ਕੌਰ ਸਮੇਤ 8 ਬਾਲ ਕਲਾਕਾਰਾਂ ਨੇ ਵੱਖ ਵੱਖ ਪ੍ਰਭਾਵਸ਼ਾਲੀ ਅਤੇ ਦਮਦਾਰ ਭੂਮਿਕਾਵਾਂ ਨਿਭਾਈਆਂ ਹਨ। ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਨਿਰਦੇਸ਼ਕ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਨੇਕਾਂ ਫਿਲਮਾਂ ਵਿੱਚੋਂ ਉਨ੍ਹਾਂ ਦੀ ਫਿਲਮ ਦਾ ਚੁਣੇ ਜਾਣਾ ਜਿੱਥੇ ਮਾ ਬੋਲੀ ਲਈ ਮਾਣ ਵਾਲੀ ਗੱਲ ਹੈ ਉੱਥੇ ਲੁਧਿਆਣਾ ਇਲਾਕੇ ਲਈ ਵੀ ਖੁਸ਼ੀ ਦੇ ਪਲ ਹਨ। ਇਸ ਫਿਲਮ ਵਿੱਚ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਲੁਧਿਆਣਾ ਦੇ ਸਕੂਲੀ ਬੱਚਿਆਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਗਰੇਵਾਲ ਨੇ ਦੱਸਿਆ ਕਿ ਇਹ ਫਿਲਮ ਬੱਚਿਆਂ ਦੇ ਮੋਬਾਈਲ ਅਤੇ ਸਕਰੀਨ ਨਾਲ ਵੱਧ ਰਹੇ ਮੋਹ ਅਤੇ ਉਸਦੀ ਦੁਰਵਰਤੋਂ ਨੂੰ ਦਰਸਾਉਂਦੀ ਹੈ। ਫਿਲਮ ਮੇਲੇ ਦੇ ਪ੍ਰਬੰਧਕ ਅਤੇ ਨਿਰਦੇਸ਼ਕ ਨਵਲਪੀਤ ਰੰਗੀ ਅਨੁਸਾਰ ਇਹ ਫਿਲਮ ਭਵਿੱਖ ਦੀਆਂ ਚੁਣੌਤੀਆਂ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕਰਮਜੀਤ ਸਿੰਘ ਗਰੇਵਾਲ, ਜੋ ਬਾਲ ਸਾਹਿਤ ਵਿੱਚ ਵੀ ਕਾਫ਼ੀ ਯੋਗਦਾਨ ਪਾ ਰਹੇ ਹਨ, ਨੇ ਇਸ ਪ੍ਰਾਜੈਕਟ ਰਾਹੀਂ ਇੱਕ ਸਮਾਜਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਗਰੇਵਾਲ ਨੂੰ ਇਸ ਤੋਂ ਪਹਿਲਾਂ ਇਨ੍ਹਾਂ ਦੇ ਲਿਖੇ ਅਤੇ ਗਾਏ ਗੀਤਾਂ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ ਚੁੱਕੇ ਹਨ। ਰੰਗੀ ਨੇ ਕਿਹਾ ਕਿ ਜਦੋਂ ਲੋਕ ਸਾਹਿਤ ਅਤੇ ਫਿਲਮਾਂ ਨਾਲ ਜੁੜਨਗੇ, ਤਾਂ ਸਮਾਜ ਵਿੱਚ ਇੱਕ ਸਕਾਰਾਤਮਕ ਬਦਲਾਅ ਆ ਸਕਦਾ ਹੈ। ਅੱਜ ਦੇ ਡਿਜ਼ੀਟਲ ਯੁੱਗ ਵਿੱਚ ਇਸ ਤਰ੍ਹਾਂ ਦੀਆਂ ਸ਼ਾਰਟ ਫਿਲਮਾਂ ਦੀ ਬਹੁਤ ਲੋੜ ਹੈ। ਖੇੜੀ ਝਮੇੜੀ ਸਕੂਲ ਦੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਅਤੇ ਸਮੂਹ ਸਟਾਫ ਨੇ ਇਸ ਪ੍ਰਾਪਤੀ ਤੇ ਬੱਚਿਆਂ ਅਤੇ ਕਰਮਜੀਤ ਸਿੰਘ ਗਰੇਵਾਲ ਨੂੰ ਮੁਬਾਰਕਬਾਦ ਦਿੱਤੀ ਹੈ। --