ਕੇਂਦਰ ਨੇ ਆਮ ਲੋਕਾਂ ਦੀ ਜੇਬ ’ਤੇ ਪਾਇਆ ਭਾਰੀ ਬੋਝ : ਸਲੂਜਾ
ਕੇਂਦਰ ਨੇ ਵਪਾਰਕ ਸਿਲੰਡਰ ਦੇ ਰੇਟ ਵਧਾ ਕੇ ਹੋਟਲ-ਰੈਸਟੋਰੈਂਟ ਉਦਯੋਗ ਤੇ ਆਮ ਲੋਕਾਂ ਦੀ ਜੇਬ 'ਤੇ ਪਾਇਆ ਭਾਰੀ ਬੋਝ -ਸਲੂਜਾ
Publish Date: Sun, 03 May 2026 06:27 PM (IST)
Updated Date: Mon, 04 May 2026 04:12 AM (IST)
-ਕਿਹਾ ਕੇਂਦਰ ਸਰਕਾਰ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਤੁਰੰਤ ਵਾਪਸ ਲਵੇ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਪਾਰਕ ਸਿਲੰਡਰ ਦੀ ਕੀਮਤ ਵਿਚ ਡੇਢ ਗੁਣਾ ਵਾਧਾ ਕਰਕੇ ਹੋਟਲ-ਰੈਸਟੋਰੈਂਟ ਉਦਯੋਗ 'ਤੇ ਭਾਰੀ ਬੋਝ ਪਾਇਆ ਹੈ। ਉਹਨਾਂ ਕਿਹਾ ਕੇ ਮਹਿੰਗੇ ਸਿਲੰਡਰ ਕਰਕੇ ਖਾਣ ਪੀਣ ਦੀਆਂ ਵਸਤੂਆਂ ਬਹੁਤ ਮਹਿੰਗੀਆਂ ਹੋ ਜਾਣ ਗੀਆਂ, ਜਿਸ ਦਾ ਸਿੱਧਾ ਅਸਰ ਗਰੀਬ ਤੇ ਆਮ ਪਰਿਵਾਰਾਂ ਤੇ ਵੀ ਪਵੇਗਾ।
ਸਲੂਜਾ ਨੇ ਕਿਹਾ ਕੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਗੈਸ ਦੀ ਕੀਮਤ ਕਿਸੇ ਸਰਕਾਰ ਵੱਲੋਂ ਇਕਦਮ ਲਗਭਗ 1000 ਰੁਪਏ ਵਧਾ ਕੇ ਯਾਨੀ ਕਿ ਕੀਮਤ ਸਿੱਧੀ ਡੇਢ ਗੁਣਾ ਕਰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਕੇਦਰ ਵਿਚ ਕਾਂਗਰਸ ਸਰਕਾਰ ਸਮੇਂ ਗੈਸ ਪੈਟਰੋਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਹੋਣ ਤੇ ਬੀਜੇਪੀ ਆਗੂ ਸੜਕਾਂ ਤੇ ਆ ਜਾਂਦੇ ਸਨ ਅਤੇ ਜੇਲ ਭਰੋ ਅੰਦੋਲਨ ਸ਼ੁਰੂ ਕਰ ਦਿੰਦੇ ਸਨ, ਪਰ ਹੁਣ ਐਨਾ ਭਾਰੀ ਵਾਧਾ ਹੋਣ ਦੇ ਬਾਵਜੂਦ ਸੱਭ ਖਾਮੋਸ਼ ਬੈਠੇ ਹਨ। ਸਲੂਜਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਵਾਧਾ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ, ਤਾਂ ਕਿ ਮੰਦੇ ਦੀ ਮਾਰ ਝੱਲ ਰਹੀ ਰੈਸਟੋਰੈਂਟ ਹੋਟਲ ਉਦਯੋਗ ਨੂੰ ਬਚਾਇਆ ਜਾ ਸਕੇ ਅਤੇ ਆਮ ਲੋਕ ਵੀ ਸਸਤਾ ਖਾਣਾ ਲੈ ਸਕਣ।