ਜਗਰਾਓਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਜਗਰਾਓਂ ਦੇ ਵਿਧਾਇਕਾ ਤੋਂ ਖ਼ਤਰਾ ਦੱਸਿਆ ਹੈ। ਉਨ੍ਹਾਂ ਸਿਵਲ ਸਰਜਨ ਲੁਧਿਆਣਾ ਨੂੰ ਲਿਖੀ ਚਿੱਠੀ ਵਿਚ ਲਿਖਿਆ ਹੈ ਕਿ ਵਿਧਾਇਕਾ ਉਨ੍ਹਾਂ ’ਤੇ ਜਾਨਲੇਵਾ ਹਮਲਾ, ਧਰਨੇ ਅਤੇ ਔਰਤਾਂ ਦੇ ਝੂਠੇ ਸ਼ਰੀਰਕ ਸ਼ੋਸ਼ਣ ਕਰਨ ਦੀਆਂ ਧਮਕੀਆਂ ਦੇ ਰਹੇ ਹਨ।
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਜਗਰਾਓਂ ਦੇ ਵਿਧਾਇਕਾ ਤੋਂ ਖ਼ਤਰਾ ਦੱਸਿਆ ਹੈ। ਉਨ੍ਹਾਂ ਸਿਵਲ ਸਰਜਨ ਲੁਧਿਆਣਾ ਨੂੰ ਲਿਖੀ ਚਿੱਠੀ ਵਿਚ ਲਿਖਿਆ ਹੈ ਕਿ ਵਿਧਾਇਕਾ ਉਨ੍ਹਾਂ ’ਤੇ ਜਾਨਲੇਵਾ ਹਮਲਾ, ਧਰਨੇ ਅਤੇ ਔਰਤਾਂ ਦੇ ਝੂਠੇ ਸ਼ਰੀਰਕ ਸ਼ੋਸ਼ਣ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਐੱਸਐੱਮਓ ਖ਼ਿਲਾਫ਼ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਐੱਸਐੱਸਪੀ ਜਗਰਾਓਂ ਨੂੰ ਸ਼ਿਕਾਇਤ ਦੇ ਚੁੱਕੇ ਹਨ। ਜਿਸ ਵਿਚ ਉਨ੍ਹਾਂ ਨੇ ਐੱਸਐੱਮਓ ’ਤੇ ਉਨ੍ਹਾਂ ’ਤੇ ਝੂਠੇ ਦੋਸ਼ ਲਗਾਉਣ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਸੋਮਵਾਰ ਨੂੰ ਐੱਸਐੱਮਓ ਡਾ. ਹਰਜੀਤ ਸਿੰਘ ਨੇ ਸਿਵਲ ਸਰਜਨ ਲੁਧਿਆਣਾ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਇਕਾ ਉਨ੍ਹਾਂ ਖ਼ਿਲਾਫ਼ ਕੁਝ ਕਰਵਾ ਸਕਦੇ ਹਨ। ਜਦਕਿ ਉਨ੍ਹਾਂ ’ਤੇ ਔਰਤਾਂ ਦੇ ਸ਼ਰੀਰਕ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੀ ਪਹਿਲਾਂ ਹੀ ਡਾਇਰੈਕਟਰ ਪੀਐੱਚਐੱਸਸੀ ਵੱਲੋਂ ਜਾਂਚ ਕੀਤੀ ਜਾ ਚੁੱਕੀ ਹੈ। ਉਸੇ ਮਾਮਲੇ ਨੂੰ ਦੁਬਾਰਾ ਖੁੱਲ੍ਹਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ’ਤੇ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਜਿੰਮੇਵਾਰ ਹੋਣਗੇ।
ਵਿਧਾਇਕਾ ਅਤੇ ਐੱਸਐੱਮਓ ’ਚ ਇਹ ਹੈ ਵਿਵਾਦ
ਜਗਰਾਓਂ ਸਿਵਲ ਹਸਪਤਾਲ ’ਚ ਆਪ ਆਗੂ ਸਾਜਨ ਮਲਹੋਤਰਾ ਪਿਛਲੇ ਦਿਨੀਂ ਆਪਣੇ ਕਿਸੇ ਸਾਥੀ ਦਾ ਡੋਪ ਟੈਸਟ ਕਰਵਾਉਣ ਗਏ ਸਨ। ਜਿਥੇ ਉਨ੍ਹਾਂ ਦੀ ਐੱਸਐੱਮਓ ਡਾ. ਹਰਜੀਤ ਸਿੰਘ ਨਾਲ ਬਹਿਸ ਹੋ ਗਈ। ਇਸ ’ਤੇ ਐੱਸਐੱਮਓ ਨੇ ਆਪ ਆਗੂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਆਪ ਆਗੂ ਆਪਣੇ ਨਾਲ ਲੈ ਕੇ ਆਏ ਵਿਅਕਤੀ ਵੱਲੋਂ ਅਫੀਮ ਖਾਣ ਦੇ ਬਾਵਜੂਦ ਡੋਪ ਟੈਸਟ ਸਹੀ ਕਰਨ ਦਾ ਦਬਾਅ ਪਾ ਰਹੇ ਸਨ। ਜਦੋਂ ਉਨ੍ਹਾਂ ਇਨਕਾਰ ਕੀਤਾ ਤਾਂ ਉਸ ਨੇ ਵਿਧਾਇਕਾ ਦੇ ਪਤੀ ਦੀ ਧੌਂਸ ਦਿੰਦਿਆਂ ਉਨ੍ਹਾਂ ਨਾਲ ਬਦਸਲੂਕੀ ਕੀਤੀ। ਜਦਕਿ ਸਾਜਨ ਮਲਹੋਤਰਾ ਨੇ ਐੱਸਐੱਮਓ ਖ਼ਿਲਾਫ਼ ਕੀਤੀ ਸ਼ਿਕਾਇਤ ਵਿਚ ਉਨ੍ਹਾਂ ਨਾਲ ਬਦਸਲੂਕੀ ਕਰਨ ਅਤੇ ਡੋਪ ਟੈਸਟ ਦੇ ਨਾਮ ’ਤੇ ਰੁਪਏ ਉਗਰਾਹੁਣ ਦੇ ਦੋਸ਼ ਲਗਾਏ ਸਨ। ਇਸ ਮੁੱਦੇ ਨੂੰ ਲੈ ਕੇ ਵਿਧਾਇਕਾ ਅਤੇ ਐੱਸਐੱਮਓ ਉਸੇ ਦਿਨ ਦੇ ਆਹਮੋ ਸਾਹਮਣੇ ਹਨ।
ਜਗਰਾਓਂ ਦੇ ਐੱਸਐੱਮਓ ਦਾ ਤਬਾਦਲਾ
ਜਗਰਾਓਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਅਤੇ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵਿਚਕਾਰ ਚੱਲ ਰਹੇ ਵਿਵਾਦ ਵਿਚ ਅੱਜ ਐੱਸਐੱਮਓ ਦਾ ਤਬਾਦਲਾ ਹੋ ਗਿਆ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾ. ਹਰਜੀਤ ਸਿੰਘ ਐੱਸਐੱਮਓ ਜਗਰਾਓਂ ਨੂੰ ਬਦਲ ਕੇ ਜ਼ਿਲ੍ਹਾ ਟੀਕਾਕਰਨ ਅਫਸਰ ਬਰਨਾਲਾ ਲਗਾਇਆ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਬਰਨਾਲਾ ਦੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਵਿੰਦਰ ਕੌਰ ਨੂੰ ਐੱਸਐੱਮਓ ਜਗਰਾਓਂ ਲਗਾਇਆ ਗਿਆ ਹੈ।