Jagraon Accident : ਸਫਾਰੀ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ
ਸਿੱਧਵਾਂ ਬੇਟ-ਜਗਰਾਓਂ ਸੜਕ ’ਤੇ ਸਫਾਰੀ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
Publish Date: Wed, 04 Feb 2026 09:13 PM (IST)
Updated Date: Wed, 04 Feb 2026 09:16 PM (IST)
ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ, ਸਿੱਧਵਾਂ ਬੇਟ : ਸਿੱਧਵਾਂ ਬੇਟ-ਜਗਰਾਓਂ ਸੜਕ ’ਤੇ ਸਫਾਰੀ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਸਦਰਪੁਰਾ ਦਾ 35 ਸਾਲਾਂ ਬਲਰਾਜ ਸਿੰਘ ਪੁੱਤਰ ਨਰੰਜਣ ਸਿੰਘ ਅਤੇ ਕੁਝ ਸਮਾਂ ਪਹਿਲਾਂ ਵਿਦੇਸ਼ੋਂ ਪਰਤਿਆ 26 ਸਾਲਾ ਕਿ੍ਰਸ਼ਨ ਸਿੰਘ ਪੁੱਤਰ ਸਵ. ਨਿਰਮਲ ਸਿੰਘ ਸਦਰਪੁਰਾ ਆਪਣੇ ਮੋਟਰਸਾਈਕਲ ’ਤੇ ਜਗਰਾਓਂ ਵੱਲ ਨੂੰ ਜਾ ਰਹੇ ਸੀ ਅਜੇ ਉਹ ਆਪਣੇ ਘਰਾਂ ਤੋਂ ਮਹਿਜ ਤਿੰਨ ਮੀਲ ਦੀ ਦੂਰੀ ’ਤੇ ਹੀ ਗਏ ਸੀ ਤਾਂ ਪਿੰਡ ਲੀਲਾਂ ਮੇਘ ਦੇ ਨਜਦੀਕ ਉਨ੍ਹਾਂ ਦਾ ਮੋਟਰਸਾਈਕਲ ਜਗਰਾਓਂ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਸਫਾਰੀ ਗੱਡੀ ਨਾਲ ਜਾ ਟਕਰਾ ਗਿਆ।
ਹਾਦਸਾ ਐਨਾ ਭਿਆਨਕ ਸੀ ਕਿ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੁਆਬੇ ਦੇ ਪਿੰਡ ਖੀਵਾ ਨਾਲ ਸਬੰਧਤ ਸਫਾਰੀ ਗੱਡੀ ਵਿਚ ਪੂਰਾ ਪਰਿਵਾਰ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ। ਇਹ ਘਟਨਾ ਕਿਵੇਂ ਵਾਪਰੀ ਜਾਂ ਕਿਸ ਦੀ ਗਲਤੀ ਸੀ।
ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਸ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਕੇ ਰੱਖ ਦਿੱਤੇ। ਪੁਲਿਸ ਨੇ ਮੌਕੇ ’ਤੇ ਜਾ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਸਫਾਰੀ ਗੱਡੀ ਦਾ ਡਰਾਈਵਰ ਅਤੇ ਦੂਜੇ ਪਰਿਵਾਰਕ ਮੈਂਬਰ ਪਿੱਛੇ ਆ ਰਹੀ ਕਿਸੇ ਹੋਰ ਗੱਡੀ ’ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।