ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ : ਟੂਸਾ
ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ : ਭਾਜਪਾ ਆਗੂ
Publish Date: Mon, 15 Sep 2025 08:56 PM (IST)
Updated Date: Mon, 15 Sep 2025 08:56 PM (IST)
ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ,
ਗੁਰੂਸਰ ਸੁਧਾਰ: ਭਾਜਪਾ ਮੰਡਲ ਸੁਧਾਰ ਨੇ ਕੇਂਦਰ ਸਰਕਾਰ ਵੱਲੋਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਜਾਰੀ ਕੀਤੇ 12000 ਕਰੋੜ ਰੁਪਏ ਦੇ ਰਾਹਤ ਫੰਡਾਂ ਦੀ ਵਰਤੋਂ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਅਕਾਲਗੜ੍ਹ ਬਾਜ਼ਾਰ ’ਚ ਰੈਲੀ ਕੱਢੀ। ਇਹ ਰੈਲੀ ਰੱਤੋਵਾਲ ਚੌਕ ਤੋਂ ਸ਼ੁਰੂ ਹੋਈ, ਜੋ ਸੁਧਾਰ ਬਾਜ਼ਾਰ ਤੇ ਘੁਮਾਣ ਚੌਕ ਹੁੰਦੀ ਹੋਈ ਵਾਪਸ ਰੱਤੋਵਾਲ ਚੌਕ ’ਚ ਪੁੱਜ ਕੇ ਸਮਾਪਤ ਹੋਈ। ਰੈਲੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਾਰਟੀ ਵਰਕਰਾਂ, ਸਥਾਨਕ ਨਿਵਾਸੀਆਂ ਤੇ ਸਮਾਜਿਕ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ "ਸਾਡਾ ਹੱਕ, ਏਥੇ ਰੱਖ", "ਰਾਹਤ ਫੰਡ ਦਾ ਹਿਸਾਬ ਦਿਓ", ਅਤੇ "ਜਨਤਾ ਦਾ ਪੈਸਾ, ਜਨਤਾ ਦੇ ਕੰਮ ਲਈ" ਵਰਗੇ ਨਾਅਰਿਆਂ ਨਾਲ ਸਰਕਾਰ ਦੀ ਜਵਾਬਦੇਹੀ ਨੂੰ ਬੁਲੰਦ ਕੀਤਾ। ਭਾਜਪਾ ਮੰਡਲ ਸੁਧਾਰ ਦੇ ਆਗੂ ਪਰਮਜੀਤ ਸਿੰਘ ਟੂਸਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਆਫਤਾਂ ਦੌਰਾਨ ਪੀੜਤ ਲੋਕਾਂ ਦੀ ਮਦਦ ਲਈ ਜਾਰੀ ਕੀਤੇ 12000 ਕਰੋੜ ਰੁਪਏ ਦਾ ਹਰ ਪੈਸਾ ਪੀੜਤਾਂ ਤੱਕ ਪਹੁੰਚਣਾ ਚਾਹੀਦਾ ਹੈ। ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਫੰਡ ਕਿਵੇਂ ਅਤੇ ਕਿੱਥੇ ਵਰਤੇ ਜਾ ਰਹੇ ਹਨ। ਜੇ ਇਸ ’ਚ ਕੋਈ ਗੜਬੜ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਸਿਰਫ ਸਰਕਾਰ ਨੂੰ ਸਵਾਲ ਕਰਨ ਦਾ ਹੀ ਨਹੀਂ, ਬਲਕਿ ਆਮ ਜਨਤਾ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਵੀ ਇੱਕ ਮਾਧਿਅਮ ਹੈ। ਇਸ ਮੌਕੇ ਬਾਲ ਕ੍ਰਿਸ਼ਨ ਗਰਗ, ਮਹਿੰਦਰ ਦੇਵ ਤੇ ਜਸਪਾਲ ਸ਼ਰਮਾ ਨੇਕਿਹਾ ਕਿ ਕੁਦਰਤੀ ਆਫਤਾਂ ਜਿਵੇਂ ਹੜ੍ਹ, ਸੋਕਾ ਤੇ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਜਾਰੀ ਕੀਤੇ ਗਏ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਇਸ ਰੈਲੀ ਵਿੱਚ ਖਾਸ ਤੌਰ ’ਤੇ ਬੀਬੀ ਸਰਬਜੀਤ ਕੌਰ ਚੀਮਾ, ਪ੍ਰਭਜੋਤ ਮਹੇਰਨਾ, ਬੁੱਧ ਸਿੰਘ ਸੀਲੋਆਣੀ, ਸੁੰਦਰ ਲਾਲ ਰਾਏਕੋਟ, ਨੰਬਰਦਾਰ ਅਵਤਾਰ ਸਿੰਘ ਅੱਬੂਵਾਲ, ਜੱਗਾ ਸਿੰਘ ਨੂਰਪੁਰਾ, ਰਵੀ ਟੂਸਾ, ਬਾਬੂ ਸ਼ਾਹ, ਪਿੰਟੂ ਗੁਲਾਟੀ, ਸੋਨੂੰ, ਮਦਾਨ ਲਾਲ ਸਮੇਤ ਭਾਜਪਾ ਆਗੂ ਤੇ ਵਰਕਰਾਂ ਨੇ ਸਰਕਾਰ ’ਤੇ ਦਬਾਅ ਵਧਾਇਆ ਕਿ ਉਹ ਕੁਦਰਤੀ ਆਫਤ ਰਾਹਤ ਫੰਡਾਂ ਦੀ ਵੰਡ ਤੇ ਵਰਤੋਂ ਸਬੰਧੀ ਪੂਰੀ ਪਾਰਦਰਸ਼ਤਾ ਅਪਣਾਏ ਤੇ ਪੀੜਤਾਂ ਦੀ ਸਹਾਇਤਾ ਨੂੰ ਪਹਿਲ ਦੇਵੇ।