ਦੇਸ਼ ਵਿਚ ਹਰ ਧਰਮ ਲਈ ਇਕਸਾਰ ਹੋਵੇ ਕਾਨੂੰਨ : ਫੈਡਰੇਸ਼ਨ
ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਭਾਰਤ ਵਿੱਚ ਹਰ ਧਰਮ ਲਈ ਕਾਨੂੰਨ ਇਕਸਾਰ ਕਰਨ ਦੀ ਕੀਤੀ ਅਪੀਲ
Publish Date: Sun, 24 May 2026 06:35 PM (IST)
Updated Date: Mon, 25 May 2026 04:10 AM (IST)
-ਮੁਸਲਮਾਨ ਭਾਈਚਾਰੇ ਨਾਲ ਵਿਤਕਰੇ ਖ਼ਿਲਾਫ਼ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਸੜਕਾਂ ’ਤੇ ਉਤਰੇਗੀ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ, ਸਕੱਤਰ ਜਨਰਲ ਭਾਈ ਬਲਜੀਤ ਸਿੰਘ ਬੀਤਾ ਅਤੇ ਮੁੱਖ ਬੁਲਾਰਾ ਜਸਪਾਲ ਸਿੰਘ ਇਸਲਾਮ ਗੰਜ ਨੇ ਕਿਹਾ ਕਿ ਭਾਰਤ ਵਿੱਚ ਕਾਨੂੰਨ ਦਾ ਦੋਗਲਾਪਨ ਸਿੱਧਾ ਨਜ਼ਰ ਆਉਂਦਾ ਹੈ।ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਵੱਲੋਂ ਮੁਸਲਿਮ ਜਮਾਤ ਨੂੰ ਖੁੱਲ੍ਹੇ ਵਿੱਚ ਨਮਾਜ ਅਦਾ ਕਰਨ ਤੋ ਰੋਕਣ ਤੇ ਆਪਣਾ ਪੱਖ ਰੱਖਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਦ ਮੁਸਲਮਾਨ ਭਾਈਚਾਰਾ ਨਮਾਜ਼ ਸੜਕਾਂ ਜਾਂ ਖੁੱਲ੍ਹੇ ਪਾਰਕਾਂ ਵਿੱਚ ਪੜ੍ਹਦਾ ਹੈ, ਤਾਂ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਜਾਂਦਾ ਹੈ। ਨੋਟਿਸ ਨਿਕਲਦੇ ਹਨ, ਪਰਚੇ ਦਰਜ ਹੁੰਦੇ ਹਨ ਅਤੇ "ਟ੍ਰੈਫਿਕ ਵਿੱਚ ਰੁਕਾਵਟ" ਦਾ ਬਹਾਨਾ ਲਾ ਕੇ ਨਮਾਜ਼ ਰੋਕ ਦਿੱਤੀ ਜਾਂਦੀ ਹੈ। ਗੁਰੂਗ੍ਰਾਮ, ਨੋਇਡਾ, ਲਖਨਊ ਤੋਂ ਲੈ ਕੇ ਦੇਸ਼ ਦੇ ਹਰ ਸ਼ਹਿਰ ਵਿੱਚ ਮੁਸਲਮਾਨਾਂ ਨੂੰ ਜਨਤਕ ਥਾਵਾਂ 'ਤੇ ਨਮਾਜ਼ ਪੜ੍ਹਨ ਤੋਂ ਰੋਕਿਆ ਜਾ ਰਿਹਾ ਹੈ।ਪਰ ਜਦ ਹਿੰਦੂ ਭਾਈਚਾਰਾ ਕਾਂਵੜ ਯਾਤਰਾ ਦੇ ਨਾਮ 'ਤੇ ਹਫ਼ਤਿਆਂ ਤੱਕ ਹਾਈਵੇ ਬੰਦ ਕਰਦਾ ਹੈ, ਸੜਕਾਂ 'ਤੇ ਭੰਡਾਰੇ ਲਾਉਂਦਾ ਹੈ, ਜਾਗਰਣ ਅਤੇ ਮੂਰਤੀ ਸਥਾਪਨਾ ਕਰਕੇ ਰਸਤੇ ਰੋਕਦਾ ਹੈ, ਤਾਂ ਪ੍ਰਸ਼ਾਸਨ ਚੁੱਪ ਹੋ ਜਾਂਦਾ ਹੈ। ਉਲਟਾ ਪੁਲਿਸ ਸੁਰੱਖਿਆ ਦਿੰਦੀ ਹੈ, ਸਰਕਾਰੀ ਖਜ਼ਾਨੇ 'ਚੋਂ ਕਰੋੜਾਂ ਰੁਪਏ ਖਰਚੇ ਜਾਂਦੇ ਹਨ ਅਤੇ ਮੁੱਖ ਮੰਤਰੀ ਖੁਦ ਫੁੱਲ ਵਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਹੜਾ ਸੰਵਿਧਾਨ ਹੈ ਜੋ ਮੁਸਲਮਾਨ ਲਈ ਵੱਖਰਾ ਅਤੇ ਹਿੰਦੂ ਲਈ ਵੱਖਰਾ ਹੈ। ਜੇਕਰ ਖੁੱਲ੍ਹੇ ਵਿੱਚ ਨਮਾਜ਼ ਗਲਤ ਹੈ, ਤਾਂ ਖੁੱਲ੍ਹੇ ਵਿੱਚ ਮੂਰਤੀ ਪੂਜਾ, ਕਾਂਵੜ, ਸ਼ੋਭਾ ਯਾਤਰਾ ਅਤੇ ਜਾਗਰਣ ਵੀ ਗਲਤ ਹਨ।
ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਸਪੱਸ਼ਟ ਕਰਦੀ ਹੈ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਪਰ ਦੋਗਲੀ ਨੀਤੀ ਦੇ ਖਿਲਾਫ ਹਾਂ। ਭਾਰਤ ਧਰਮ-ਨਿਰਪੱਖ ਦੇਸ਼ ਹੈ। ਇੱਥੇ ਹਿੰਦੂਤਵੀ ਏਜੰਡਾ ਚਲਾ ਕੇ ਇੱਕ ਧਰਮ ਨੂੰ ਸੁਰੱਖਿਆ ਪ੍ਰਦਾਨ ਕਰਕੇ ਫੈਲਾਉਣਾ ਅਤੇ ਦੂਜੇ ਧਰਮਾ ਨੂੰ ਦਬਾਉਣਾ ਗੈਰਮਨੁੱਖੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਮਜ਼ਲੂਮ ਦਾ ਸਾਥ ਦਿੱਤਾ ਹੈ। ਅੱਜ ਮੁਸਲਮਾਨ ਭਾਈਚਾਰੇ ਨਾਲ ਹੋ ਰਹੀ ਬੇਇਨਸਾਫ਼ੀ 'ਤੇ ਚੁੱਪ ਰਹਿਣਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਜਵਾਬ ਦੇਵੇ ਕਿ ਮੁਸਲਮਾਨ ਤੇ ਪਾਬੰਦੀ, ਹਿੰਦੂ ਨੂੰ ਖੁੱਲ੍ਹ ਕਿਉਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ, ਬਰਾਬਰ ਕਰੋ, ਨਹੀਂ ਤਾਂ ਸਿੱਖ ਨੌਜਵਾਨ ਇਸ ਦੋਗਲੇਪਨ ਖਿਲਾਫ ਸੜਕਾਂ 'ਤੇ ਉਤਰਨਗੇ।