ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ’ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ
ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ’ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ
Publish Date: Fri, 01 May 2026 06:25 PM (IST)
Updated Date: Fri, 01 May 2026 06:26 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੇ ਚਾਅ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਬਹੁਤ ਹੀ ਸੁਰੀਲਾ ਗੀਤ ਗਾਇਆ। ਬੱਚਿਆਂ ਨੇ ਇਸ ਦਿਨ ਦੀ ਮਹੱਤਤਾ ਨੂੰ ਇੱਕ ਭਾਸ਼ਨ ਦੇ ਰੂਪ ਵਿੱਚ ਦਰਸਾਇਆ। ਉਪਰੰਤ ਸਮਾਜ ਵਿੱਚ ਵਿਚਰਦੇ ਹੋਏ ਵੱਖ ਵੱਖ ਮਜ਼ਦੂਰਾਂ ਦਾ ਕਿਰਦਾਰ ਨਿਭਾਉਂਦੇ ਹੋਏ ਬੱਚਿਆਂ ਨੇ ਬਾਖੂਬੀ ਪੇਸ਼ਕਾਰੀ ਕੀਤੀ। ਬੱਚਿਆਂ ਵੱਲੋਂ ਆਪਣੇ ਸਕੂਲ ਦੇ ਸਾਰੇ ਕਰਮਚਾਰੀਆਂ ਨੂੰ ਫੁੱਲ ਦਿੱਤੇ ਗਏ। ਸਾਰੇ ਹੀ ਕਰਮਚਾਰੀਆਂ ਲਈ ਖੇਡਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਸਾਰੇ ਹੀ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਇਸ ਦਿਨ ਦੀ ਮਹੱਤਤਾ ਦੱਸੀ। ਉਨ੍ਹਾਂ ਕਿਹਾ ਕਿ ਕੋਈ ਸੰਸਥਾ ਹੋਵੇ ਜਾਂ ਇਕ ਆਮ ਇਨਸਾਨ ਦੀ ਜ਼ਿੰਦਗੀ ਕਿਤੇ ਵੀ ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਗੁਜ਼ਾਰਾ ਨਹੀਂ ਹੋ ਸਕਦਾ। ਖੇਡਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸਾਰੇ ਕਰਮਚਾਰੀਆਂ ਨੂੰ ਤੋਹਫ਼ੇ ਦੇ ਕੇ ਨਿਵਾਜਿਆ ਗਿਆ। ਪ੍ਰੋਗਰਾਮ ਦੇ ਅਖੀਰ ਵਿਚ ਸਾਰਿਆਂ ਨੇ ਪ੍ਰੀਤੀ ਭੋਜਨ ਦਾ ਆਨੰਦ ਮਾਣਿਆ।