ਵਧਦੀ ਗਰਮੀ ਨੂੰ ਦੇਖਦੇ ਹੋਏ ਸਕੂਲਾਂ ’ਚ ਛੁੱਟੀਆਂ ਕੀਤੀਆਂ ਜਾਣ : ਸਪੈਟਾ
ਵਧਦੀ ਗਰਮੀ ਨੂੰ ਦੇਖਦੇ ਹੋਏ ਸਪੈਟਾ ਨੇ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਕੀਤੀ ਮੰਗ
Publish Date: Thu, 21 May 2026 07:13 PM (IST)
Updated Date: Fri, 22 May 2026 04:14 AM (IST)

ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ ਨੇ ਸਰਕਾਰ ਨੂੰ ਕੀਤੀ ਅਪੀਲ --- ਰਵੀ,ਪੰਜਾਬੀ ਜਾਗਰਣ ਲੁਧਿਆਣਾ ਪ੍ਰਾਇਮਰੀ ਅਧਿਆਪਕਾਂ ਦੀ ਜਥੇਬੰਦੀ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ ਪੰਜਾਬ (ਸਪੈਟਾ) ਦੀ ਅਹਿਮ ਮੀਟਿੰਗ ਲੁਧਿਆਣਾ ਦੇ ਫਿਰੋਜਪੁਰ ਰੋਡ ਸਥਿਤ ਸਰਕਟ ਹਾਊਸ ਵਿਖੇ ਹੋਈ। ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸਰਪ੍ਰਸਤ ਧੰਨਾ ਸਿੰਘ ਸਵੱਦੀ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਗਰਮੀ ਦਾ ਕਹਿਰ ਨਿਰੰਤਰ ਵੱਧ ਰਿਹਾ ਹੈ, ਜਿਸ ਇਨਸਾਨ ਤਾਂ ਕੀ ਹਰ ਜੀਵ ਜੰਤੂ ਦਾ ਜਿਊਣਾ ਬੇਹਾਲ ਹੋਇਆ ਪਿਆ ਹੈ। ਲਗਾਤਾਰ ਵੱਧ ਰਹੀ ਗਰਮੀ ਕਾਰਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬੇਹਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੀ ਗਰਮੀ ਨੂੰ ਦੇਖਦੇ ਹੋਏ ਐਡਵਾਇਜ਼ਰੀ ਜਾਰੀ ਕਰਕੇ ਹਰ ਕਿਸੇ ਨੂੰ ਬਿਨ੍ਹਾਂ ਜਰੂਰੀ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਰਮੀ ਦੌਰਾਨ ਸਭ ਤੋਂ ਵੱਧ ਬੁਰਾ ਹਾਲ ਸਕੂਲ ਜਾਣ ਵਾਲੇ ਬੱਚਿਆਂ ਅਤੇ ਅਧਿਆਪਕਾਂ ਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਰ੍ਹਦੀ ਅੱਗ ਵਿੱਚ ਅਧਿਆਪਕਾਂ ਦੀ ਡਿਊਟੀ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਜਨਗਣਨਾ ਤੇ ਵੀ ਲਗਾਈ ਹੋਈ ਹੈ। ਸਪੈਟਾ ਦੇ ਆਗੂਆਂ ਨੇ ਮੰਗ ਕੀਤੀ ਕਿ ਮੌਸਮ ਦੇ ਹਲਾਤਾਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਤੁਰੰਤ ਸਕੂਲਾਂ ਵਿੱਚ ਛੁੱਟੀਆਂ ਕਰੇ। ਜਥੇਬੰਦੀ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਛਿੱਬਰ ਨੇ ਕਿਹਾ ਕਿ ਵਰ੍ਹਦੀ ਅੱਗ ਕਾਰਨ ਸਕੂਲਾਂ ਦੇ ਬੱਚੇ ਬਿਮਾਰ ਹੋ ਰਹੇ ਹਨ। ਇਸ ਕਰਕੇ ਸਕੂਲਾਂ ਵਿੱਚ ਤੁਰੰਤ ਛੁੱਟੀਆਂ ਕੀਤੀਆਂ ਜਾਣ। ਸਰਬਜੀਤ ਸਿੰਘ ਚੌਕੀਮਾਨ ਨੇ ਕਿਹਾ ਸਕੂਲਾਂ ਦੇ ਅਧਿਆਪਕਾਂ ਦੀ ਜਨਗਣਨਾ ਅਤੇ ਨਗਰ ਕੌਂਸਲ ਚੋਣਾਂ ਵਿੱਚ ਡਿਊਟੀ ਲੱਗੀ ਹੋਣ ਕਰਕੇ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਨਹੀਂ ਬਣ ਰਿਹਾ। ਇਸ ਕਰਕੇ ਸਿੱਖਿਆ ਮੰਤਰੀ ਤੁਰੰਤ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰਨ। ਇਸ ਮੌਕੇ ਮੇਲਾ ਸਿੰਘ ਜੋਧਾਂ, ਜ਼ਿਲ੍ਹਾ ਪ੍ਰਧਾਨ ਪ੍ਰਭਦਿਆਲ ਸਿੰਘ, ਕੁਲਦੀਪ ਸਿੰਘ ਮਾਹੌਲੀ, ਦਵਿੰਦਰ ਸਿੰਘ ਖਾਨਪੁਰ, ਤੇਜਪਾਲ ਕਲੇਰ, ਕਮਲਜੀਤ ਸਿੰਘ ਲਾਇਲ, ਸਤਵੰਤ ਸਿੰਘ ਲੁਹਾਰਾ, ਪ੍ਰਕਾਸਵਿੰਦਰ ਵੜੈਚ, ਜਸਵਿੰਦਰਪਾਲ ਕੰਗ, ਰਾਜਿੰਦਰ ਕੇਟੀ, ਕੁਲਦੀਪ ਸਿੰਘ ਹੇਲਰਾਂ, ਸੰਦੀਪ ਕੁਮਾਰ, ਸ਼ਮਸ਼ੇਰ ਸਿੰਘ ਚੌਹਾਨ ਸਮੇਤ ਹੋਰ ਅਧਿਆਪਕ ਆਗੂ ਹਾਜ਼ਰ ਸਨ।