ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਵਿੱਚ ਚੇਤਨਾ ਮੁਹਿੰਮ ਲਗਾਤਾਰ ਚਲਾਉਣ ‘’ਤੇ ਦਿੱਤਾ ਜ਼ੋਰ
ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਵਿੱਚ ਚੇਤਨਾ ਮੁਹਿੰਮ ਲਗਾਤਾਰ ਚਲਾਉਣ ‘ਤੇ ਦਿੱਤਾ ਜ਼ੋਰ
Publish Date: Sun, 03 May 2026 06:21 PM (IST)
Updated Date: Mon, 04 May 2026 04:11 AM (IST)
-ਮੈਗਜ਼ੀਨ ‘ਤਰਕਸ਼ੀਲ’ ਦਾ ਨਵਾਂ ਅੰਕ ਜਾਰੀ, ਸਾਰੀਆਂ ਇਕਾਈਆਂ ਵਿੱਚ ਕੀਤੀ ਗਈ ਵੰਡ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਦੀ ਮੀਟਿੰਗ ਜ਼ੋਨ ਦੇ ਜੱਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਜ਼ੋਨ ਦੇ ਦਫ਼ਤਰ (ਨੇੜੇ ਬੱਸ ਸਟੈਂਡ) ਵਿਖੇ ਹੋਈ। ਮੀਟਿੰਗ ਵਿੱਚ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਤੇ ਹੋਰ ਮੁਹਿੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੈਗਜ਼ੀਨ ‘ਤਰਕਸ਼ੀਲ’ ਦਾ ਨਵਾਂ ਅੰਕ ਜਾਰੀ ਕੀਤਾ ਗਿਆ ਅਤੇ ਸਾਰੀਆਂ ਇਕਾਈਆਂ ਵਿੱਚ ਇਸ ਦੀ ਵੰਡ ਕੀਤੀ ਗਈ। ਜ਼ੋਨ ਦੇ ਵਿੱਤ ਮੁਖੀ ਧਰਮਪਾਲ ਸਿੰਘ, ਸੱਭਿਆਚਾਰਕ ਵਿਭਾਗ ਦੇ ਮੁਖੀ ਸ਼ਮਸ਼ੇਰ ਨੂਰਪੁਰੀ ਸਮੇਤ ਇਕਾਈਆਂ ਜਗਰਾਓਂ , ਸੁਧਾਰ, ਲੁਧਿਆਣਾ, ਕੋਹਾੜਾ ਦੇ ਜੱਥੇਬੰਦਕ ਮੁਖੀਆਂ ਕਰਤਾਰ ਸਿੰਘ ਵੀਰਾਨ, ਧਰਮ ਸਿੰਘ ਸੂਜਾਪੁਰ, ਬਲਵਿੰਦਰ ਸਿੰਘ, ਰੁਪਿੰਦਰਪਾਲ ਸਿੰਘ ਅਤੇ ਮਾ ਕਰਨੈਲ ਸਿੰਘ ਸੁਧਾਰ ਹਾਜ਼ਰ ਸਨ।
ਮੀਟਿੰਗ ਦੌਰਾਨ ਸੁਸਾਇਟੀ ਦੀ ਪਿਛਲੇ ਦਿਨੀ ਹੋਈ ਸਲਾਨਾ ਇਕੱਤਰਤਾ ਸਬੰਧੀ ਚਰਚਾ ਕਰਦਿਆਂ ਜ਼ੋਨ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ। ਜ਼ੋਨ ਮੁਖੀ ਵੱਲੋਂ ਤਰਕਸ਼ੀਲ ਵਿਚਾਰਾਂ ਦੇ ਪਸਾਰ ਨੂੰ ਮੁੱਖ ਰੱਖਦਿਆਂ ਸਾਰੀਆਂ ਇਕਾਈਆਂ ਨੂੰ ਹਰ ਮਹੀਨੇ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਚੇਤਨ ਕਰਨ ਦੀ ਮੁਹਿੰਮ ਲਗਾਤਾਰ ਚਲਾਉਣ ‘ਤੇ ਜ਼ੋਰ ਦਿੱਤਾ। ਇਸ ਸਬੰਧੀ ਰੂਪ ਰੇਖਾ ਤਹਿ ਕਰਦਿਆਂ ਸੁਸਾਇਟੀ ਦੀ ਪਹਿਚਾਣ ਆਮ ਲੋਕਾਂ ਤੱਕ ਲੈ ਕੇ ਜਾਣ ਲਈ ਇਹ ਫੈਸਲਾ ਲਿਆ ਗਿਆ ਕਿ ਹਰ ਇਕਾਈ ਆਪਣੇ ਇਲਾਕੇ ਵਿੱਚ ਲੱਗਣ ਵਾਲੇ ਉਹਨਾਂ ਮੇਲਿਆਂ, ਪਬਲਿਕ ਇਕੱਠਾਂ ਬਾਰੇ ਨਿਸ਼ਾਨਦੇਹੀ ਕਰੇਗੀ , ਜਿਹਨਾਂ ਵਿੱਚ ਤਰਕਸ਼ੀਲ ਸਾਹਿਤ ਵੈਨ ਰਾਹੀਂ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਨਾ ਸੰਭਵ ਹੋ ਸਕੇ । ਇਸ ਤੋਂ ਬਿਨਾਂ ਇਕਾਈਆਂ ਆਪਣੇ ਇਲਾਕੇ ਵਿੱਚ ਪੈਂਦੇ ਵਿੱਦਿਅਕ ਅਦਾਰਿਆਂ ‘ਚ ਵਿਦਿਆਰਥੀਆਂ ਦੇ ਪੱਧਰ ਵਾਲਾ ਤਰਕਸ਼ੀਲ ਸਾਹਿਤ ਲੈ ਕੇ ਜਾਣ ਲਈ ਮਹੀਨਾ ਵਾਈਜ ਪ੍ਰੋਗਰਾਮ ਬਣਉਣਗੀਆਂ।ਛੁੱਟੀਆਂ ਦੌਰਾਨ ਜ਼ੋਨ ਪੱਧਰ ਦਾ ਤਰਕਸ਼ੀਲ ਚੇਤਨਾ ਵਿਦਿਆਰਥੀ ਕੈਂਪ ਲੁਧਿਆਣਾ ਵਿਖੇ ਲਾਉਣਾ ਤਹਿ ਕੀਤਾ ਗਿਆ, ਜਿਸ ਵਿੱਚ ਇਕਾਈਆਂ ਵੱਲੋਂ ਵਿਦਿਆਰਥੀ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ।ਸੂਬਾ ਪੱਧਰੀ ਵਿਦਿਆਰਥੀ ਕੈਂਪ ਜੋ ਬਰਨਾਲਾ ਵਿਖੇ ਲੱਗੇਗਾ, ਉਸ ਵਿੱਚ ਵੀ ਵਿਦਿਆਰਥੀ ਭੇਜਣ ਬਾਰੇ ਵਿਚਾਰ ਕੀਤਾ ਗਿਆ । ਪਿਛਲੇ ਦਿਨੀਂ ਸੁਧਾਰ ਇਕਾਈ ਦੇ ਸਰਗਰਮ ਮੈਂਬਰ ਸਤਪਾਲ ਸਿੰਘ ਦਾ ਰੋਡ ਐਕਸੀਡੈਂਟ ਕਾਰਣ ਗੰਭੀਰ ਹਾਲਤ ਵਿੱਚ ਹੋਣ ਨੂੰ ਮੁੱਖ ਰੱਖਦਿਆਂ ਪਰਿਵਾਰ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ ਗਿਆ।