ਅਹਿਮ ਖ਼ਬਰ-ਜ਼ਿਲ੍ਹਾ ਲੁਧਿਆਣਾ ਦੀਆਂ ਸਰਕਾਰੀ ਆਈਟੀਆਈਜ਼ ਦਾ ਸਰਬਪੱਖੀ ਵਿਕਾਸ ਕਰਨ ਲਈ ਵਰਕਿੰਗ ਕਮੇਟੀ ਦਾ ਗਠਨ

-ਪ੍ਰਿੰਸੀਪਲ ਬਲਜਿੰਦਰ ਸਿੰਘ ਕਨਵੀਨਰ, ਆਹੂਜਾ, ਵਿਸ਼ਵਕਰਮਾ, ਮਲਹੋਤਰਾ, ਮੌਂਗਾ, ਚੱਗਰ, ਸਿੱਧੂ, ਮੋਹਨ ਸਿੰਘ ਮੈਂਬਰ ਬਣੇ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਦੇ ਉਦਯੋਗਿਕ ਸਿਖ਼ਲਾਈ ਤੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ ਉਦਯੋਗਿਕ ਸਿਖ਼ਲਾਈ ਸੰਸਥਾਵਾਂ (ਆਈਟੀਆਈਜ਼) ਦਾ ਸਰਬਪੱਖੀ ਵਿਕਾਸ ਕਰਨ ਲਈ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸਨਅਤੀ ਆਗੂਆਂ, ਆਈਟੀਆਈ ਦੇ ਅਧਿਕਾਰੀਆਂ ਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖ਼ਲਾਈ ਵਿਭਾਗ ਦੇ ਨਿਰਦੇਸ਼ਕ ਮੌਨੀਸ਼ ਕੁਮਾਰ ਵੱਲੋਂ ਬਣਾਈ ਗਈ ਕਮੇਟੀ ਵਿੱਚ ਆਈਟੀਆਈ ਲੁਧਿਆਣਾ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੂੰ ਕਨਵੀਨਰ ਅਤੇ ਆਈਟੀਆਈ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਵਿਸ਼ਵਕਰਮਾ ਇੰਡਸਟਰੀਜ਼ ਪ੍ਰਾਈਵੇਟ ਲਿਮਿਟਡ ਦੇ ਸੀਐਮਡੀ ਚਰਨਜੀਤ ਸਿੰਘ ਵਿਸ਼ਵਕਰਮਾ, ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਆਈਸੀਯੂ) ਦੇ ਪ੍ਰਧਾਨ ਤੇ ਨਿਊ ਸਵੈਨ ਗਰੁੱਪ ਦੇ ਸੀਐਮਡੀ ਉਪਕਾਰ ਸਿੰਘ ਆਹੂਜਾ, ਸੀਆਈਸੀਯੂ ਦੇ ਮੀਤ ਪ੍ਰਧਾਨ ਤੇ ਜ਼ੈਗ ਸਰਟੀਫਿਕੇਸ਼ਨ ਕਮੇਟੀ ਦੇ ਮਾਲਕ ਗੌਤਮ ਮਲਹੋਤਰਾ, ਉਦਯੋਗ ਤੇ ਵਣਜ ਵਿਭਾਗ ਦੇ ਸੇਵਾਮੁਕਤ ਸੰਯੁਕਤ ਨਿਰਦੇਸ਼ਕ ਵਿਸ਼ਵ ਬੰਧੂ ਮੌਂਗਾ, ਕ੍ਰਿਸਟਲ ਇਲੈਕਟ੍ਰਿਕ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਐਮਡੀ ਮਨਮੋਹਨ ਸਿੰਘ ਚੱਗਰ, ਤਕਨੀਕੀ ਸਿੱਖਿਆ ਵਿਭਾਗ ਆਈਟੀ ਵਿੰਗ ਦੇ ਸਹਾਇਕ ਨਿਰਦੇਸ਼ਕ ਹੈਡਕੁਆਰਟਰ ਪਰਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਸਰਕਾਰੀ ਆਈਟੀਆਈ ਗੁੱਜਰਵਾਲ ਮੋਹਨ ਸਿੰਘ ਨੂੰ ਮੈਂਬਰ ਨਿਰਯੁਕਤ ਕੀਤਾ ਗਿਆ ਹੈ।
ਕਮੇਟੀ ਵੱਲੋਂ ਸਰਕਾਰੀ ਆਈਟੀਆਈ ਸੰਸਥਾਵਾਂ ਵਿੱਚ ਸਿਖਲਾਈ ਪੱਧਰ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਲਈ ਉਦਯੋਗ ਤੇ ਤਕਨੀਕੀ ਸਿੱਖਿਆ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਵਧਾਇਆ ਜਾਵੇਗਾ। ਕਮੇਟੀ ਮੈਂਬਰਾਂ ਨੇ ਕਿਹਾ ਕਿ ਮੌਜੂਦਾ ਉਦਯੋਗਿਕ ਜ਼ਰੂਰਤਾਂ ਦੇ ਅਨੁਸਾਰ ਨੌਜਵਾਨਾਂ ਨੂੰ ਤਿਆਰ ਕਰਨ ਲਈ ਹੁਨਰ ਵਿਕਾਸ ਤੇ ਵਿਹਾਰਕ ਉਦਯੋਗਿਕ ਸੰਪਰਕ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਉਦਯੋਗਾਂ ਅਤੇ ਤਕਨੀਕੀ ਸੰਸਥਾਵਾਂ ਵਿਚਕਾਰ ਬਿਹਤਰ ਤਾਲਮੇਲ ਨਾਲ ਵਿਦਿਆਰਥੀਆਂ ਦੀ ਪਲੇਸਮੈਂਟ, ਅਪ੍ਰੈਂਟਿਸਸ਼ਿਪ ਤੇ ਸਿਖਲਾਈ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਵੇਗਾ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉਦਯੋਗਾਂ ਨੂੰ ਸੀਐਸਆਰ ਰਾਹੀਂ ਆਧੁਨਿਕ ਸਿਖਲਾਈ ਪ੍ਰਣਾਲੀਆਂ, ਸਲਾਹ-ਮਸ਼ਵਰਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੁਆਰਾ ਤਕਨੀਕੀ ਸਿੱਖਿਆ ਦੇ ਵਿਕਾਸ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰਜ ਸਮੂਹ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਧਾਉਣ, ਸਿਖਲਾਈ ਦੇ ਮਿਆਰਾਂ ਨੂੰ ਬਿਹਤਰ ਬਣਾਉਣ ਅਤੇ ਉਦਯੋਗਾਂ ਨਾਲ ਬਿਹਤਰ ਤਾਲਮੇਲ ਸਥਾਪਤ ਕਰਨ ਲਈ ਕੰਮ ਕਰੇਗਾ। ਉਨ੍ਹਾਂ ਨੇ ਇਸ ਸਕਾਰਾਤਮਕ ਪਹਿਲਕਦਮੀ ਲਈ ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਡਾਇਰੈਕਟੋਰੇਟ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਾਂਝੀ ਪਹਿਲਕਦਮੀ ਉਦਯੋਗਾਂ ਤੇ ਤਕਨੀਕੀ ਸਿੱਖਿਆ ਦੀਆਂ ਜ਼ਰੂਰਤਾਂ ਵਿਚਕਾਰ ਪਾੜੇ ਨੂੰ ਪੂਰਾ ਕਰੇਗੀ ਅਤੇ ਪੰਜਾਬ ਦੇ ਵਿਦਿਆਰਥੀਆਂ, ਉਦਯੋਗਾਂ ਤੇ ਉਦਯੋਗਿਕ ਵਿਕਾਸ ਨੂੰ ਲਾਭ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਸਾਰੇ ਕਮੇਟੀ ਆਈਟੀਆਈਜ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣੇ ਵੱਲੋਂ ਹਰ ਬਣਦਾ ਯੋਗਦਾਨ ਪਾਵੇਗੀ।