ਪੰਜਾਬ ਪ੍ਰੋਗਰੈਸਿਵ ਅਲਾਇੰਸ ਦਾ ਮੁੱਖ ਮੰਤਰੀ ਦੇ ਚਿਹਰਾ ਮਜ੍ਹਬੀ/ਵਾਲਮੀਕ ਸਮਾਜ ਵਿੱਚੋਂ ਹੋਵੇਗਾ, ਪੰਜਾਬ ਅੰਦਰ ਪਹਿਲੀ ਸਿਆਸੀ ਕ੍ਰਾਂਤੀ ਦੀ ਸ਼ੁਰੂਆਤ ਕਰਨ ਲਈ ਹੀ ਪੀਪੀਏ ਦਾ ਗਠਨ ਹੋਇਆ-ਕਾਨੂੰਗੋ
ਅਹਿਮ ਖ਼ਬਰ-ਪੰਜਾਬ ਪ੍ਰੋਗਰੈਸਿਵ ਅਲਾਇੰਸ ਦਾ ਮੁੱਖ ਮੰਤਰੀ ਦੇ ਚਿਹਰਾ ਮਜ੍ਹਬੀ/ਵਾਲਮੀਕ ਸਮਾਜ ਵਿੱਚੋਂ ਹੋਵੇਗਾ
Publish Date: Sat, 25 Apr 2026 06:22 PM (IST)
Updated Date: Sat, 25 Apr 2026 06:25 PM (IST)

ਪੁਨੀਤ ਬਾਵਾ/ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਪ੍ਰੋਗਰੈਸਿਵ ਅਲਾਇੰਸ (ਪੀਪੀਏ) ਦੀ ਇਕ ਅਹਿਮ ਮੀਟਿੰਗ ਡਾ: ਅੰਬੇਡਕਰ ਭਵਨ ਜਲੰਧਰ ਬਾਈਪਾਸ ਵਿਖੇ ਕਨਵੀਨਰ ਗੋਬਿੰਦ ਸਿੰਘ ਕਾਨੂੰਗੋ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ ਪੀਪੀਏ ਵੱਲੋਂ ਕਿਸੇ ਮਜ੍ਹਬੀ/ਵਾਲਮੀਕ ਸਮਾਜ ਦੇ ਆਗੂ ਨੂੰ ਮੁੱਖ ਮੰਤਰੀ ਅਤੇ ਆਦਿਧਰਮੀ/ ਰਵੀਦਾਸੀਏ, ਰਾਮਦਾਸੀਆ ਤੇ ਪਛੜੇ ਵਰਗ ਵਿੱਚੋਂ ਉਪ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ਪੀਪੀਏ ਅਧਿਕਾਰ ਸੰਘਰਸ਼ ਪਾਰਟੀ, ਲੇਬਰ ਪਾਰਟੀ, ਆਲ ਇੰਡੀਆ ਮਜ਼ਦੂਰ ਪਾਰਟੀ (ਰਜਿ), ਪ੍ਰੋਗਰੈਸਿਵ ਸਟਰਗਲ ਫਰੰਟ, ਸਰਬ ਸਾਂਝਾ ਫਰੰਟ ਪੰਜਾਬ ਅਤੇ ਹੋਰ ਸਮਾਜਿਕ ਸੰਗਠਨਾਂ ਦਾ ਇਹ ਸਾਂਝਾ ਮੰਚ ਹੈ। ਬੁਲਾਰਿਆਂ ਅਨੁਸਾਰ ਗਠਜੋੜ ਦਾ ਮੁੱਖ ਉਦੇਸ਼ ਪੰਜਾਬ ਅੰਦਰ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਵਸਥਾ ਪ੍ਰੀਵਰਤਨ ਕਰਨਾ ਹੈ। ਬੁਲਾਰਿਆਂ ਅਨੁਸਾਰ ਗਠਜੋੜ ਨਾਲ ਜੋੜਨ ਲਈ ਕਈ ਹੋਰ ਸੰਗਠਨਾ ਨਾਲ ਵੀ ਗੱਲਬਾਤ ਚੱਲ ਰਹੀ ਹੈ। ਕਨਵੀਨਰ ਗੋਬਿੰਦ ਸਿੰਘ ਕਾਨੂੰਗੋ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਤੋਂ ਹਰ ਕ੍ਰਾਂਤੀ ਤੇ ਸੰਘਰਸ਼ ਦੀ ਸ਼ੁਰੂਵਾਤ ਹੋਈ ਹੈ। ਉਨ੍ਹਾਂ ਉਮੀਦ ਹੈ ਕਿ ਪਹਿਲੀ ਸਿਆਸੀ ਕ੍ਰਾਂਤੀ ਵੀ ਪੰਜਾਬ ਵਿਚੋਂ ਹੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸਿਆਸੀ ਕ੍ਰਾਂਤੀ ਲਈ ਅੱਜ ਲੋਕ ਵੱਡੀਆਂ ਆਸਾਂ ਨਾਲ ਵੇਖ ਰਹੇ ਹਨ ਕਿ ਪੰਜਾਬ ਇਕ ਵਾਰ ਫਿਰ ਦੇਸ਼ ਦਾ ਮਾਰਗ ਦਰਸ਼ਕ ਬਣੇਗਾ। ਇਸੇ ਮਕਸਦ ਦੀ ਪੂਰਤੀ ਲਈ ਹੀ ਰਾਜਨੀਤਕ ਗਠਜੋੜ ਪੀਪੀਏ ਬਣਾਇਆ ਗਿਆ ਹੈ। ਇਸ ਮੌਕੇ ਇੰਜ ਗੁਰਦਿਆਲ ਚੰਦ ਸੱਲ੍ਹਣ ਕਨਵੀਨਰ ਪੰਜਾਬ ਪ੍ਰੋਗਰੈਸਿਵ ਸਟਰਗਲ ਫਰੰਟ, ਗੁਰਬਖਸ਼ ਸਿੰਘ ਸ਼ੇਰਗਿਲ ਪ੍ਰਧਾਨ ਅਧਿਕਾਰ ਸੰਘਰਸ਼ ਪਾਰਟੀ, ਹਰਨੇਕ ਸਿੰਘ ਨਡਿਅਆਲੀ ਸਰਬ ਸਾਂਝਾ ਫਰੰਟ, ਸ਼ਿਵ ਕੁਮਾਰ ਪਠਾਨਕੋਟ, ਮੱਖਣ ਸਿੰਘ ਭਾਈਰੂਪਾ, ਸਤਿੰਦਰ ਕੌਰ ਧਾਲੀਵਾਲ ਅਤੇ ਭਰਪੂਰ ਸਿੰਘ ਕਾਨੂੰਗੋ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਇਹ ਕੌੜਾ ਸੱਚ ਹੈ ਕਿ ਪੰਜਾਬ ਅੱਜ ਤੱਕ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਕੁੱਝ ਵੀ ਨਹੀਂ ਦਿੱਤਾ ਅਤੇ ਆਪ ਨੇ ਵੀ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਲੁੱਟਣ ਤੇ ਕੁੱਟਣ ਦਾ ਕੰਮ ਕੀਤਾ ਹੈ। ਬਦਲਾਅ ਦੀ ਥਾਂ ਹੁਣ ਬਦਲਾਖੋਰੀ ਹੋ ਰਹੀ ਹੈ। ਨਸ਼ਾ ਮੁਕਤੀ ਦੀ ਥਾਂ ਨਸ਼ਾ ਕਾਰੋਬਾਰੀ ਧੜੱਲੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪੰਜਾਬ ਦੇ ਮੁਲਾਜ਼ ਤੇ ਹੋਰ ਜਥੇਬੰਦੀਆਂ ਵੱਲੋਂ ਹੱਕੀ ਮੰਗਾਂ ਮਨਾਉਣ ਲਈ ਸੰਘਰਸ਼ ਕੀਤੇ ਜਾ ਰਹੇ ਹਨ। ਇਸ ਮੌਕੇ ਬੁਧੀਜੀਵੀ ਵਰਗ ਦੇ ਸੇਵਾ ਮੁਕਤ ਆਗੂਆਂ ਇੰਜੀਨੀਅਰ ਸੁਰਿੰਦਰ ਸਿੰਘ ਭਿੰਡਰ ਫਿਰੋਜ਼ਪੁਰ, ਸੇਵਾ ਮੁਕਤ ਐਸਪੀ ਧਰਮਵੀਰ ਸਿੰਘ, ਇੰਜੀਨੀਅਰ ਬਲਵੀਰ ਸਿੰਘ ਮੋਹਾਲੀ, ਬੀਪੀਓ ਸ਼ੇਰ ਸਿੰਘ ਛਿੱਬਰ ਲੁਧਿਆਣਾ, ਇੰਜੀਨੀਅਰ ਸੁਰੇਸ਼ ਕੁਮਾਰ ਪਠਾਨਕੋਟ, ਹੈੱਡ ਮਾਸਟਰ ਨੰਦ ਲਾਲ ਕਲਿਆਣ ਪੁਰ, ਇੰਸਪੈਕਟਰ ਪ੍ਰਸੋਤਮ ਸਿੰਘ ਆਦਿ ਆਗੂ ਵੀ ਹਾਜ਼ਰ ਸਨ।