ਪਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਜਤਾਈ ਚਿੰਤਾ : ਢਿੱਲੋਂ
ਅਹਿਮ ਖ਼ਬਰ-ਪਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਜਤਾਈ ਚਿੰਤਾ-ਢਿੱਲੋਂ
Publish Date: Fri, 22 May 2026 06:42 PM (IST)
Updated Date: Fri, 22 May 2026 06:43 PM (IST)

- ਵਿਦੇਸ਼ਾਂ ’ਚ ਪਾਰਟੀ ਦਾ ਪ੍ਰਚਾਰ ਕਰਨ ਉਪਰੰਤ ਪਰਤੇ ਢਿੱਲੋਂ ਦਾ ਅਕਾਲੀ ਜਥਾ ਸ਼ਹਿਰੀ ਵੱਲੋਂ ਸਨਮਾਨ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਸਾਬਕਾ ਇਧਾਇਕ ਤੇ ਸੀਨੀਅਰ ਅਕਾਲੀ ਦਲ ਆਗੂ ਰਣਜੀਤ ਸਿੰਘ ਢਿੱਲੋਂ ਆਪਣੇ ਕਰੀਬ ਦੋ ਮਹੀਨਿਆਂ ਦੇ ਵਿਦੇਸ਼ੀ ਦੌਰੇ ਤੋਂ ਵਾਪਸ ਪਰਤ ਆਏ ਹਨ। ਵਾਪਸ ਪਰਤਣ ਉਪਰੰਤ ਢਿੱਲੋਂ ਦਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਭਰਵਾਂ ਸਵਾਗਤ ਕਰ ਕੇ ਸਨਮਾਨ ਕੀਤਾ। ਢਿੱਲੋਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਗੱਲ ਪੰਜਾਬ ਦੀ ਪ੍ਰੋਗਰਾਮ ਦੇ ਤਹਿਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੰਜਾਬੀਆਂ ਨਾਲ ਹੋਈਆਂ ਮੁਲਾਕਾਤਾਂ ਅਤੇ ਵਿਚਾਰਾਂ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ, ਨੌਜਵਾਨਾਂ ਦੇ ਭਵਿੱਖ, ਖੇਤੀਬਾੜੀ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਸੁਰੱਖਿਆ ਵਰਗੇ ਅਹਿਮ ਮੁੱਦਿਆਂ ਉੱਤੇ ਖੁੱਲ੍ਹ ਕੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਦੌਰੇ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨਾਲ ਸੰਪਰਕ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪੰਜਾਬ ਦੇ ਹੱਕਾਂ ਲਈ ਪਾਰਟੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਪੰਜਾਬ ਦੀ ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਵਿਲੱਖਣ ਪਛਾਣ, ਸੱਭਿਆਚਾਰ ਤੇ ਪੰਥਕ ਮੁੱਲਾਂ ਦੀ ਰਾਖੀ ਲਈ ਮਜ਼ਬੂਤ ਖੇਤਰੀ ਸੋਚ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਥੋਂ ਦੇ ਪੰਜਾਬੀਆਂ ਦਾ ਮੰਨਣਾ ਹੈ ਕਿ ਪੰਜਾਬ ਦੇ ਮੁੱਦਿਆਂ ਦਾ ਹੱਲ ਪੰਜਾਬ ਦੀ ਧਰਤੀ ਨਾਲ ਜੁੜੀਆਂ ਤਾਕਤਾਂ ਹੀ ਕਰ ਸਕਦੀਆਂ ਹਨ। ਢਿੱਲੋਂ ਨੇ ਕਿਹਾ ਕਿ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਤੇ ਪੰਥ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਚਾਹੁੰਦੇ ਹਨ ਕਿ ਪੰਜਾਬ ਮੁੜ ਵਿਕਾਸ, ਅਮਨ ਤੇ ਖੁਸ਼ਹਾਲੀ ਦੇ ਰਾਹ ਉੱਤੇ ਅੱਗੇ ਵਧੇ ਅਤੇ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਹੀ ਬਿਹਤਰ ਮੌਕੇ ਮਿਲਣ। ਢਿੱਲੋਂ ਨੇ ਕਿਹਾ ਕਿ ਵਿਦੇਸ਼ ਦੌਰੇ ਦੌਰਾਨ ਮਿਲੇ ਪਿਆਰ, ਸਤਿਕਾਰ ਤੇ ਸਮਰਥਨ ਨੇ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਰ ਵੱਧ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਨ ਆਧਾਰ ਨੂੰ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਖ਼ਾਲਸਾ, ਕੌਂਸਲਰ ਕਮਲ ਅਰੋੜਾ, ਬਲਵਿੰਦਰ ਸਿੰਘ ਐੱਮਡੀ, ਨੇਕ ਸਿੰਘ ਸੇਖੇਵਾਲ, ਰਛਪਾਲ ਸਿੰਘ ਫੌਜੀ, ਡਾ.ਅਸ਼ਵਨੀ ਪਾਸੀ ਆਦਿ ਹਾਜ਼ਰ ਸਨ।