ਸੂਬਾ ਸਰਕਾਰ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ : ਵੜਿੰਗ
ਅਹਿਮ ਖ਼ਬਰ-ਨਗਰ ਨਿਗਮ ਲੁਧਿਆਣਾ ਤੇ ਦਿਲਜੀਤ ਦੋਸਾਂਝ ਨੂੰ ਮਿਲੀਆਂ ਬੰਬ ਧਮਕੀਆਂ ’ਤੇ ਵੜਿੰਗ ਵੱਲੋਂ ਚਿੰਤਾ ਦਾ ਪ੍ਰਗਟਾਵਾ
Publish Date: Mon, 25 May 2026 06:36 PM (IST)
Updated Date: Tue, 26 May 2026 04:08 AM (IST)
ਨਗਰ ਨਿਗਮ ਲੁਧਿਆਣਾ ਤੇ ਦਿਲਜੀਤ ਦੋਸਾਂਝ ਨੂੰ ਮਿਲੀਆਂ ਧਮਕੀਆਂ ’ਤੇ ਵੜਿੰਗ ਵੱਲੋਂ ਚਿੰਤਾ ਦਾ ਪ੍ਰਗਟਾਵਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਨਗਰ ਨਿਗਮ ਅਤੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਜਿਸ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਇਹ ਘਟਨਾਵਾਂ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿੱਚ ਕਾਨੂੰਨ-ਵਿਵਸਥਾ ਦੇ ਪੂਰੀ ਤਰ੍ਹਾਂ ਫੇਲ੍ਹ ਹੋਣ ਦੀ ਸਥਿਤੀ ਨੂੰ ਬੇਨਕਾਬ ਕਰਦੀਆਂ ਹਨ। ਵੜਿੰਗ ਨੇ ਕਿਹਾ ਕਿ ਪੰਜਾਬੀ ਡਰ ਤੇ ਅਸੁਰੱਖਿਆ ਦੇ ਮਾਹੌਲ ਵਿੱਚ ਜੀਅ ਰਹੇ ਹਨ, ਜਿੱਥੇ ਵਾਰ-ਵਾਰ ਬੰਬ ਦੀਆਂ ਧਮਕੀਆਂ, ਪੁਲਿਸ ਮੁਲਾਜ਼ਮਾਂ ਦੀਆਂ ਨਿਸ਼ਾਨਾਬੱਧ ਹੱਤਿਆਵਾਂ ਅਤੇ ਅਪਰਾਧਿਕ ਘਟਨਾਵਾਂ ਚਿੰਤਾਜਨਕ ਤੌਰ ’ਤੇ ਆਮ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਪੁਲਿਸ ਕਰਮਚਾਰੀ ਵੀ ਨਿਸ਼ਾਨੇ ’ਤੇ ਹਨ ਅਤੇ ਸਰਕਾਰੀ ਸੰਸਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਤਾਂ ਇੱਕ ਆਮ ਨਾਗਰਿਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ? ਉਨ੍ਹਾਂ ਨੇ ਕਿਹਾ ਕਿ ਤਾਜ਼ਾ ਧਮਕੀ ਦੀ ਜ਼ਿੰਮੇਵਾਰੀ ਕਥਿਤ ‘ਖਾਲਿਸਤਾਨ ਨੈਸ਼ਨਲ ਆਰਮੀ’ ਵੱਲੋਂ ਲਈ ਗਈ ਦੱਸੀ ਜਾ ਰਹੀ ਹੈ, ਜਦਕਿ ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਇੱਕ ਏਐਸਆਈ ਦੀ ਹੱਤਿਆ ਦੀ ਜ਼ਿੰਮੇਵਾਰੀ ਕਥਿਤ ਤੌਰ ’ਤੇ ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ ਵੱਲੋਂ ਲਈ ਗਈ ਸੀ, ਜਿਹੜਾ ਪੰਜਾਬ ਦੀ ਅੰਦਰੂਨੀ ਸੁਰੱਖਿਆ ਸਥਿਤੀ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਵੜਿੰਗ ਨੇ ਪੰਜਾਬ ਸਰਕਾਰ ਤੋਂ ਤੁਰੰਤ ਅਤੇ ਠੋਸ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸਿਆਸੀ ਦਿਖਾਵੇਬਾਜ਼ੀ ਛੱਡ ਕੇ ਲੋਕਾਂ ਦਾ ਭਰੋਸਾ ਮੁੜ ਬਹਾਲ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ’ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਵਾਰ-ਵਾਰ ਮਿਲ ਰਹੀਆਂ ਧਮਕੀਆਂ ਅਤੇ ਹੋ ਰਹੀਆਂ ਹੱਤਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ, ਕਿਉਂਕਿ ਪੰਜਾਬ ਦੀ ਸ਼ਾਂਤੀ ਤੇ ਦੇਸ਼ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਮੁਸ਼ਕਲਾਂ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਦਾਅ ’ਤੇ ਨਹੀਂ ਲਗਾ ਸਕਦੇ ਹਾਂ। ਹਾਲਾਤ ਹੋਰ ਵਿਗੜਨ ਤੋਂ ਪਹਿਲਾਂ ਸਰਕਾਰ ਨੂੰ ਸਖ਼ਤੀ ਅਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।