ਅਹਿਮ ਖ਼ਬਰ-ਧੜ੍ਹਿਆਂ ’ਚ ਵੰਡੇ ਅਕਾਲੀ ਦਲ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਅਸਾਨ ਨਹੀਂ ਹੋਵੇਗਾ

-ਬੀਸੀ ਵਿੰਗ ਦੀ ਲੁਧਿਆਣਾ ਰੈਲੀ ਨੇ ਅਕਾਲੀਆਂ ਦੀ ਧੜੇਬਾਜ਼ੀ ਨੂੰ ਕੀਤਾ ਜੱਗ ਜ਼ਾਹਿਰ
-ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਿੰਦਾ ਤੇ ਹਲਕਾ ਇੰਚਾਰਜ ਸੋਖੀ ਰਹੇ ਗੈਰ ਹਾਜ਼ਰ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਅੰਦਰ ਸ੍ਰੋਮਣੀ ਅਕਾਲੀ ਦਲ ਵਿੱਚ ਸਭ ਕੁੱਝ ਸਹੀ ਨਹੀਂ ਚੱਲ ਰਿਹਾ। ਧੜ੍ਹਿਆਂ ਵਿੱਚ ਵੰਡੇ ਅਕਾਲੀ ਦਲ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਅਸਾਨ ਨਹੀਂ ਹੋਵੇਗਾ ਅਤੇ ਪਾਰਟੀ ਲਈ ਸ਼ਹਿਰ ਦੀਆਂ 6 ਵਿਧਾਨ ਸਭਾ ਸੀਟਾਂ ਤੋਂ ਜਿੱਤਣਾ ਖਾਲਾ ਜੀ ਦੇ ਵਾੜੇ ਤੋਂ ਘੱਟ ਨਹੀਂ ਹੋਵੇਗਾ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਹਾਰਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਪਿਛਲੇ 4 ਸਾਲਾਂ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਘਟਾ ਦਿੱਤੀਆਂ ਸਨ ਅਤੇ ਉਨ੍ਹਾਂ ਦਾ ਸਪੁੱਤਰ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਹੀ ਸਿਆਸੀ ਤੌਰ ’ਤੇ ਵਿਚਰਦੇ ਆ ਰਹੇ ਹਨ। ਪਰ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਮਹੀਨੇ ਬਾਕੀ ਰਹਿਣ ਕਰਕੇ ਜਥੇਦਾਰ ਗਾਬੜੀਆ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸੇ ਕੜੀ ਵਜੋਂ ਉਨ੍ਹਾਂ ਨੇ 10 ਮਈ 2026 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਨ ਦੇ ਬਹਾਨੇ ਹਲਕਾ ਆਤਮ ਨਗਰ ਦੀ ਗਿੱਲ ਰੋਡ ਦਾਣਾ ਮੰਡੀ ਵਿਖੇ ਬੀਸੀ ਵਿੰਗ ਦੀ ਰੈਲੀ ਕਰਵਾਈ। ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਕਈ ਅਕਾਲੀ ਆਗੂ ਪੁੱਜੇ। ਪਰ ਰੈਲੀ ਵਿੱਚ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਤੇ ਬੀਸੀ ਭਾਈਚਾਰੇ ਨਾਲ ਸਬੰਧਤ ਆਗੂ ਜਗਬੀਰ ਸਿੰਘ ਸੋਖੀ ਸ਼ਾਮਿਲ ਨਹੀਂ ਹੋਏ। ਦੋਵੇਂ ਮੁੱਖ ਆਗੂਆਂ ਦੀ ਗੈਰ ਹਾਜ਼ਰੀ ਨੇ ਅਕਾਲੀ ਦਲ ਦੀ ਧੜੇਬਾਜ਼ੀ ਨੂੰ ਜੱਗ ਜ਼ਾਹਿਰ ਕਰ ਦਿੱਤਾ। ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਜੇਕਰ ਅਕਾਲੀ ਦਲ ਦਾ ਪ੍ਰਧਾਨ ਤੇ ਹਲਕਾ ਇੰਚਾਰਜ ਹੀ ਰੈਲੀ ਵਿੱਚੋਂ ਗੈਰ ਹਾਜ਼ਰ ਰਿਹਾ, ਤਾਂ ਪਾਰਟੀ ਕਿਵੇਂ ਏਕਤਾ ਬਣਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ। ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਸੇ ਵਿਆਹ ਸਮਾਗਮ ਵਿੱਚ ਰੁੱਝੇ ਹੋਣ ਕਰਕੇ ਰੈਲੀ ਵਿੱਚ ਸ਼ਾਮਿਲ ਨਾ ਹੋਣ ਦੀ ਗੱਲ ਆਖੀ ਹੈ। ਜਦਕਿ ਭਿੰਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਆਕਲੀ ਆਗੂ ਰਵਿੰਦਰ ਸਿੰਘ ਖਾਲਸਾ ਦੇ ਘਰ ਅਤੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੇ ਦਫ਼ਤਰ ਦੇ ਉਦਘਾਟਨੀ ਸਮਾਰੋਹ ਵਿੱਚ ਪੁੱਜੇ ਸਨ। ਹੋਰ ਤਾਂ ਹੋਰ ਭਿੰਦਾ ਨੇ ਜਗਬੀਰ ਸਿੰਘ ਸੋਖੀ ਵੱਲੋਂ ਲਗਾਏ ਕੈਂਪ ਵਿੱਚ ਵੀ ਹਾਜ਼ਰੀ ਭਰੀ।
ਗਾਬੜੀਆ ਨੇ ਰੈਲੀ ਬਹਾਨੇ ਆਪਣੇ ਪੁੱਤਰ ਦੀ ਦਾਅਵੇਦਾਰੀ ਕੀਤੀ ਪੇਸ਼
ਜਥੇਦਾਰ ਹੀਰਾ ਸਿੰਘ ਗਾਬੜੀਆ ਨੇ 10 ਮਈ ਕੀਤੀ ਰੈਲੀ ਦੀਆਂ ਤਿਆਰੀਆਂ ਦੌਰਾਨ ਹੀ ਆਪਣੇ ਭਾਈਚਾਰੇ ਨਾਲ ਸਬੰਧਤ ਖਾਸ ਵਿਅਕਤੀ ਅਤੇ ਆਪਣੇ ਨੇੜਲੇ ਸਾਥੀਆਂ ਨੂੰ ਹਲਕਾ ਆਤਮ ਨਗਰ ਤੋਂ ਆਪਣੇ ਕੌਂਸਲਰ ਸਪੁੱਤਰ ਰਖਵਿੰਦਰ ਸਿੰਘ ਗਾਬੜੀਆ ਨੂੰ ਚੋਣ ਲੜਾਉਣ ਦੀ ਗੱਲ ਆਖੀ। ਗਾਬੜੀਆ ਨੇ ਆਪਣੇ ਸਿਆਸੀ ਪੈਂਤੜੇ ਨਾਲ ਹਲਕਾ ਆਤਮ ਨਗਰ ਵਿੱਚ ਰੈਲੀ ਕਰ ਕੇ ਆਪਣੇ ਸਪੁੱਤਰ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਪਰ ਇਸ ਹਲਕੇ ਤੋਂ ਪਾਰਟੀ ਵੱਲੋਂ ਜਗਬੀਰ ਸਿੰਘ ਸੋਖੀ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਪਾਰਟੀ ਕਿਸ ਨੂੰ ਚੋਣ ਲੜਾਉਂਦੀ ਹੈ, ਪਰ ਹਾਲ ਦੀ ਘੜ੍ਹੀ ਹਲਕਾ ਆਤਮ ਨਗਰ ਤੋਂ ਇੰਚਾਰਜ ਸੋਖੀ ਦੇ ਨਾਲ ਰਖਵਿੰਦਰ ਸਿੰਘ ਗਾਬੜ੍ਹੀਆ ਦਾ ਨਾਮ ਵੀ ਜੁੜ ਗਿਆ ਹੈ।
ਅਸਤੀਫ਼ੇ ਦਾ ਆਖ ਕੇ ਪ੍ਰਧਾਨ ਜੀ ਨੂੰ ਮੇਰੇ ਸਮਾਗਮ ਵਿੱਚ ਆਉਣ ਤੋਂ ਰੋਕਿਆ : ਸੋਖੀ
ਸ੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਆਤਮ ਨਗਰ ਦੇ ਇੰਚਾਰਚ ਜਗਬੀਰ ਸਿੰਘ ਸੋਖੀ ਦੇ ਦਫ਼ਤਰ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੱਗੇ ਖ਼ੂਨਦਾਨ ਤੇ ਮੈਡੀਕਲ ਕੈਂਪ ਵਿੱਚ ਸ਼ਾਮਿਲ ਹੋਣਾ ਸੀ। ਪਰ ਸੁਖਬੀਰ ਸੋਖੀ ਦੇ ਸਮਾਗਮ ਵਿੱਚ ਨਹੀਂ ਪੁੱਜੇ। ਸੋਖੀ ਨੇ ਸੁਖਬੀਰ ਦੇ ਸਮਾਗਮ ਵਿੱਚ ਨਾ ਆਉਣ ’ਤੇ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਮੈਡੀਕਲ ਕੈਂਪ ਵਿੱਚ ਆਉਣ ਲਈ ਆਖਿਆ ਸੀ। ਜਿਨ੍ਹਾਂ ਨੇ ਆਉਣ ਦੀ ਹਾਮੀ ਹੀ ਨਹੀਂ ਭਰੀ, ਸਗੋਂ ਪਾਰਟੀ ਦਫ਼ਤਰ ਵੱਲੋਂ ਜਾਰੀ ਪ੍ਰੋਗਰਾਮ ਵਿੱਚ ਵੀ ਪ੍ਰਧਾਨ ਜੀ ਨੇ ਮੇਰੇ ਦਫ਼ਤਰ ਸਮਾਗਮ ਵਿੱਚ ਸ਼ਾਮਿਲ ਹੋਣਾ ਸੀ। ਉਨ੍ਹਾਂ ਦੇ ਵਿਰੋਧੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਇੱਕ ਦਿਨ ਪਹਿਲਾਂ ਰਾਤ ਨੂੰ ਰੈਲੀ ਰੱਦ ਕਰਨ ਤੇ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਗੱਲ ਆਖ ਕੇ ਪ੍ਰਧਾਨ ਜੀ ਨੂੰ ਮੇਰੇ ਸਮਾਗਮ ਵਿੱਚ ਆਉਣ ਤੋਂ ਰੋਕ ਦਿੱਤਾ ਹੈ।
ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਦੀ ਮੌਜੂਦਾ ਸਥਿਤੀ
ਸ੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ 2022 ਦੀ ਚੋਣ ਮਹੇਸ਼ਇੰਦਰ ਸਿੰਘ ਗਰੇਵਾਲ ਤੇ 2025 ਵਿੱਚ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਲੜੀ ਸੀ ਅਤੇ ਦੋਵਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸੇ ਤਰ੍ਹਾਂ ਹਲਕਾ ਲੁਧਿਆਣਾ ਉੱਤਰੀ ਤੋਂ ਆਰਡੀ ਸ਼ਰਮਾ, ਹਲਕਾ ਲੁਧਿਆਣਾ ਪੂਰਬੀ ਤੋਂ ਰਣਜੀਤ ਸਿੰਘ ਢਿੱਲੋਂ, ਹਲਕਾ ਲੁਧਿਆਣਾ ਦੱਖਣੀ ਤੋਂ ਜਥੇਦਾਰ ਹੀਰਾ ਸਿੰਘ ਗਾਬੜੀਆ, ਹਲਕਾ ਲੁਧਿਆਣਾ ਕੇਂਦਰੀ ਤੋਂ ਪ੍ਰਿਤਪਾਲ ਸਿੰਘ, ਹਲਕਾ ਆਤਮ ਨਗਰ ਤੋਂ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਚੋਣ ਲੜੀ ਸੀ ਅਤੇ ਲੁਧਿਆਣਾ ਸ਼ਹਿਰ ਦੇ 6 ਹਲਕਿਆਂ ਵਿੱਚ ਹੀ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਆਉਣ ਵਾਲੀਆਂ 2027 ਦੀਆਂ ਚੋਣਾ ਵਿੱਚ ਚੋਣ ਲੜਨ ਦੇ ਦਾਅਵੇਦਾਰਾਂ ਵਿੱਚੋਂ ਕਿਸੇ ਨੂੰ ਟਿਕਟ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਧੜ੍ਹੇਬਾਜ਼ੀ ਪਾਰਟੀ ਨੂੰ ਨੁਕਸਾਨ ਜ਼ਰੂਰ ਪਾਹੁੰਚਾਵੇਗੀ।