ਉਦਯੋਗਿਕ ਸਿਖ਼ਲਾਈ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਲਈ ਉਦਯੋਗਪਤੀਆਂ ਤੇ ਸਰਕਾਰ ਨੇ ਹੱਥ ਮਿਲਾਇਆ
ਅਹਿਮ ਖ਼ਬਰ-ਉਦਯੋਗਿਕ ਸਿਖ਼ਲਾਈ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਲਈ ਉਦਯੋਗਪਤੀਆਂ ਤੇ ਸਰਕਾਰ ਨੇ ਹੱਥ ਮਿਲਾਇਆ
Publish Date: Fri, 08 May 2026 06:22 PM (IST)
Updated Date: Fri, 08 May 2026 06:23 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਅਤੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ (ਆਈਐੱਮਸੀ) ਦੇ ਇਕ ਵਫ਼ਦ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਅਤੇ ਡਾਇਰੈਕਟਰ ਮੋਹਨੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਲੁਧਿਆਣਾ ਜ਼ਿਲ੍ਹੇ ਵਿਚ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ) ਦੀ ਮਜ਼ਬੂਤੀ ਅਤੇ ਸਮੁੱਚੇ ਸੁਧਾਰ ਬਾਰੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਨੇ ਸਰਕਾਰੀ ਆਈਟੀਆਈ ਲੁਧਿਆਣਾ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਹੁਨਰ ਵਿਕਾਸ, ਸਿਖਲਾਈ ਵਧਾਉਣ, ਪਲੇਸਮੈਂਟ ਤੇ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਵਿਚ ਲੁਧਿਆਣਾ ਉਦਯੋਗ ਦੇ ਮਹੱਤਵਪੂਰਨ ਯੋਗਦਾਨ ਅਤੇ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਦਯੋਗ ਨੂੰ ਪੰਜਾਬ ਵਿੱਚ ਸਰਕਾਰੀ ਆਈਟੀਆਈ ਨੂੰ ਸਮਰਾਲਾ ਆਈਟੀਆਈ, ਜਗਰਾਓਂ ਆਈਟੀਆਈ, ਹੁਸੈਨਪੁਰਾ ਆਈਟੀਆਈ ਅਤੇ ਗੁੱਜਰਵਾਲ ਆਈਟੀਆਈ ਦੇ ਪੱਧਰ ਤੇ ਅਪਗ੍ਰੇਡ ਕਰਨ ਦੀ ਅਪੀਲ ਕੀਤੀ, ਤਾਂ ਜੋ ਵਿਦਿਆਰਥੀ ਉਦਯੋਗ-ਅਧਾਰਤ ਸਿਖਲਾਈ ਅਤੇ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣ। ਵਫ਼ਦ ਨੇ ਇਹ ਵੀ ਦੱਸਿਆ ਕਿ ਸੀਆਈਸੀਯੂ ਪਿਛਲੇ 10 ਸਾਲਾਂ ਤੋਂ ਉਦਯੋਗ ਨੂੰ ਹੁਨਰਮੰਦ ਮਨੁੱਖੀ ਸ਼ਕਤੀ ਨਾਲ ਜੋੜਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਰ ਸਾਲ ਸਫਲਤਾਪੂਰਵਕ ਮੈਗਾ ਨੌਕਰੀ ਮੇਲੇ ਲਗਾ ਰਿਹਾ ਹੈ। ਪਿਛਲੇ ਸੀਆਈਸੀਯੂ ਮੈਗਾ ਨੌਕਰੀ ਮੇਲੇ ਦੌਰਾਨ ਭਾਗ ਲੈਣ ਵਾਲੇ ਉਦਯੋਗਾਂ ਦੁਆਰਾ ਲਗਭਗ 3,150 ਨੌਕਰੀ ਚਾਹਵਾਨਾਂ ਨੂੰ ਨੌਕਰੀ ਪੱਤਰ ਦਿੱਤੇ ਗਏ ਸਨ। ਵਫ਼ਦ ਨੇ ਅੱਗੇ ਦੱਸਿਆ ਕਿ ਸੀਆਈਸੀਯੂ ਜੁਲਾਈ ਦੇ ਪਹਿਲੇ ਹਫ਼ਤੇ ਇੱਕ ਹੋਰ ਮੈਗਾ ਨੌਕਰੀ ਮੇਲਾ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੁੱਖ ਸਕੱਤਰ ਸ਼੍ਰੀ ਵਿਕਾਸ ਪ੍ਰਤਾਪ ਨੇ ਸੀਆਈਸੀਯੂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਦੇ ਨੌਜਵਾਨਾਂ ਲਈ ਉਦਯੋਗ-ਅਕਾਦਮਿਕ ਸਹਿਯੋਗ, ਹੁਨਰ ਵਿਕਾਸ, ਪਲੇਸਮੈਂਟ ਤੇ ਰੁਜ਼ਗਾਰ ਪੈਦਾ ਕਰਨ ਲਈ ਵਿਭਾਗ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਆਈਟੀਆਈ ਵਿੱਚ ਸਿਖਲਾਈ ਦੇ ਮਿਆਰਾਂ, ਪਲੇਸਮੈਂਟ, ਅਪ੍ਰੈਂਟਿਸਸ਼ਿਪ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਸਮੁੱਚੇ ਸੁਧਾਰ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਵਫ਼ਦ ਵਿੱਚ ਉਪਕਾਰ ਸਿੰਘ ਆਹੂਜਾ ਪ੍ਰਧਾਨ ਸੀਆਈਸੀਯੂ, ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਆਈਐਮਸੀ ਆਈਟੀਆਈ ਲੁਧਿਆਣਾ, ਵਿਸ਼ਵ ਬੰਧੂ ਮੋਂਗਾ ਸਾਬਕਾ ਸੰਯੁਕਤ ਡਾਇਰੈਕਟਰ ਉਦਯੋਗ ਤੇ ਵਣਜ ਵਿਭਾਗ ਪੰਜਾਬ ਨੇ ਕਿਹਾ ਕਿ ਜੋ ਵਰਕਿੰਗ ਕਮੇਟੀ ਸਮੂਹ ਬਣਾਇਆ ਗਿਆ ਹੈ। ਇਹ ਵਰਕਿੰਗ ਗਰੁੱਪ ਸਿਖਲਾਈ ਮਿਆਰਾਂ ਦੇ ਮੁਲਾਂਕਣ, ਟ੍ਰੇਨਰਾਂ ਦੀ ਸਿਖਲਾਈ (ਟੀਓਟੀ), ਰੁਜ਼ਗਾਰਯੋਗਤਾ ਵਿੱਚ ਵਾਧਾ, ਪਲੇਸਮੈਂਟ ਨਤੀਜਿਆਂ ਵਿੱਚ ਸੁਧਾਰ, ਸੀਐਸਆਰ-ਅਧਾਰਤ ਬੁਨਿਆਦੀ ਢਾਂਚਾ ਨਿਵੇਸ਼ ਅਤੇ ਨੈਪਸ 2.0 ਦੇ ਪ੍ਰਭਾਵਸ਼ਾਲੀ ਲਾਗੂਕਰਨ ਤੇ ਧਿਆਨ ਕੇਂਦਰਿਤ ਕਰੇਗਾ। ਸੀਆਈਸੀਯੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਸਾਰੇ ਨਵ-ਨਿਯੁਕਤ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਮੇਟੀ ਸਰਕਾਰੀ ਆਈਟੀਆਈਜ਼ ਨੂੰ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰਾਂ ਵਿੱਚ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।