ਅਹਿਮ ਖ਼ਬਰ:ਹਲਵਾਰਾ ਹਵਾਈ ਅੱਡਾ ਚਾਲੂ ਹੋਣ ਨਾਲ ਖੁਸ਼ ਤੇ ਡੀਜ਼ਲ ਦੇ ਭਾਅ ਵਧਣ ਨਾਲ ਉਦਯੋਗਪਤੀਆਂ ਹੋਏ ਨਿਰਾਸ਼

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬੀ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਹਲਵਾਰਾ ਤੋਂ ਦਿੱਲੀ ਲਈ ਉਡਾਣਾ ਚਾਲੂ ਹੋਣ ਨਾਲ ਜਿੱਥੇ ਉਦਯੋਗਪਤੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ,ਉੱਥੇ ਹੀ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਉਦਯੋਗਪਤੀ ਡਾਢੇ ਨਿਰਾਸ਼ ਹਨ। ਹਵਾਈ ਅੱਡੇ ਚਾਲੂ ਹੋਣ ਦੀ ਖੁਸ਼ੀ ਦੇ ਰਾਹ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਵੱਡਾ ਅੜਿੱਕਾ ਬਣ ਗਿਆ ਹੈ।
ਸੀਆਈਸੀਯੂ ਦੀ ਮਿਹਨਤ ਨੂੰ ਬੂਰ ਪਿਆ, ਡੀਜ਼ਲ ਦੇ ਭਾਅ ਨਾ ਵਧਣ-ਆਹੂਜਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਸੀਆਈਸੀਯੂ ਵੱਲੋਂ ਕਈ ਸਾਲਾਂ ਤੋਂ ਲੁਧਿਆਣਾ ਤੋਂ ਉਡਾਣਾ ਚਾਲੂ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ, ਹਲਵਾਰਾ ਹਲਵਾਈ ਅੱਡਾ ਚਾਲੂ ਹੋਣ ਨਾਲ ਸੀਆਈਸੀਯੂ ਦੀ ਮਿਹਨਤ ਨੂੰ ਬੂਰ ਪਿਆ ਹੈ। ਆਹੂਜਾ ਨੇ ਕਿਹਾ ਕਿ ਹਲਵਾਰਾ ਤੋਂ ਹੋਰ ਸ਼ਹਿਰਾਂ ਲਈ ਵੀ ਉਡਾਣਾ ਚਾਲੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਸਰਕਾਰ ਨੂੰ ਕੋਈ ਹੋਰ ਬਦਲ ਲੱਭਣਾ ਚਾਹੀਦਾ ਹੈ,ਤਾਂ ਜੋ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਨਾਲ ਉਦਯੋਗਪਤੀਆਂ ਦੀ ਲਾਗਤ ਨਾਲ ਵਧੇ।
ਉਡਾਣਾਂ ਦਾ ਸਮਾਂ ਬਦਲੇ, ਡੀਜ਼ਲ ਦਾ ਭਾਅ ਘੱਟ ਹੋਵੇ-ਜਿੰਦਲ
ਵਰਲਡ ਐਮਐਸਐਮਈ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਚਾਲੂ ਹੋਣਾ ਚੰਗਾ ਕਦਮ ਹੈ। ਉਨ੍ਹਾਂ ਕਿਹਾ ਕਿ ਇੱਕ ਤਾਂ ਟਿਕਟ ਦਾ ਭਾਅ 2500 ਤੋਂ 3000 ਰੁਪਏ ਹੋਣਾ ਚਾਹੀਦਾ ਹੈ,ਦੂਸਰਾ ਫਲਾਈਟ ਸਵੇਰ ਤੇ ਸ਼ਾਮ ਦੀ ਹੋਣੀ ਚਾਹੀਦੀ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਮੁੰਦਰੀ ਬੰਦਰਗਾਹ ਤੇ ਕੱਚੇ ਮਾਲ ਦੇ ਭੰਡਾਰਾਂ ਤੋਂ ਦੂਰ ਹੋਣ ਕਰਕੇ ਇੱਥੋਂ ਦੇ ਉਦਯੋਗਪਤੀਆਂ ਨੂੰ ਭਾੜਾ ਵੱਧ ਦੇਣਾ ਪਵੇਗਾ, ਜਿਸ ਨਾਲ ਲਾਗਤ ਖ਼ਰਚ ਵਧੇਗਾ, ਜੋ ਉਦਯੋਗਪਤੀਆਂ ਦੇ ਲਈ ਸਹਿਣਾ ਮੁਸ਼ਕਿਲ ਹੈ।
ਉਦਯੋਗਿਕ ਵਿਕਾਸ ਹੋਵੇਗਾ, ਪਰ ਡੀਜ਼ਲ ਦੇ ਭਾਅ ਘਟਾਉਣ ਦਾ ਯਤਨ ਹੋਵੇ-ਲੱਕੀ
ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਚਾਲੂ ਹੋਣ ਨਾਲ ਲੁਧਿਆਣਾ ਦਾ ਹੋਰ ਵੀ ਜਿਆਦਾ ਉਦਯੋਗਿਕ ਵਿਕਾਸ ਹੋਵੇਗਾ ਅਤੇ ਅੰਤਰਰਾਸ਼ਟਰੀ ਗਾਹਕ ਵੀ ਅਸਾਨੀ ਨਾਲ ਲੁਧਿਆਣਾ ਪੁੱਜ ਸਕਣਗੇ। ਉਨ੍ਹਾਂ ਕਿਹਾ ਕਿ ਜਿੱਥੇ ਹਵਾਈ ਅੱਡਾ ਚਾਲੂ ਹੋਣ ਦੀ ਖੁਸ਼ੀ ਹੈ, ਉੱਥੇ ਹੀ ਲੜਾਈ ਕਰਕੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਨਿਰਾਸ਼ਾ ਵਾਲੀ ਗੱਲ ਵੀ ਹੈ, ਕਿਉਂਕਿ ਇਸ ਨਾਲ ਪਹਿਲਾਂ ਹੀ ਮੰਦਹਾਲੀ ਵਿੱਚੋਂ ਲੰਘ ਰਹੇ ਉਦਯੋਗਪਤੀਆਂ ਨੂੰ ਹੋਰ ਵੀ ਆਰਥਿਕ ਨੁਕਸਾਨ ਹੋਵੇਗਾ। ਲੱਕੀ ਨੇ ਕੇਂਦਰ ਸਰਕਾਰ ਨੂੰ ਡੀਜ਼ਲ ਦੇ ਭਾਅ ਘਟਾਉਣ ਦੀ ਅਪੀਲ ਕੀਤੀ।
ਹੋਰ ਸ਼ਹਿਰਾਂ ਨੂੰ ਵੀ ਉਡਾਣਾ ਚੱਲਣ ਤੇ ਡੀਜ਼ਲ ਦਾ ਭਾਅ ਸਥਿਰ ਹੋਵੇ-ਵਿਸ਼ਵਕਰਮਾ
ਵਿਸ਼ਵਕਰਮਾ ਇੰਡਸਟਰੀਜ਼ ਦੇ ਐਮਡੀ ਤੇ ਯੂਸੀਪੀਐਮਏ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਚਾਲੂ ਹੋਣਾ ਚੰਗਾ ਕਦਮ ਹੈ, ਕਿਉਂਕਿ ਲੁਧਿਆਣਾ ਬਿਜ਼ਨੈਸ ਹੱਬ ਹੋਣ ਕਰਕੇ ਹਵਾਈ ਕੁਨੈਕਟੀਵਿਟੀ ਹੋਣੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਹੋਰ ਸ਼ਹਿਰਾਂ ਲਈ ਵੀ ਉਡਾਣਾ ਚਾਲੂ ਕੀਤੀਆਂ ਜਾਣ। ਵਿਸ਼ਵਕਰਮਾ ਨੇ ਕਿਹਾ ਕਿ ਔਖੇ ਸਮੇਂ ਵਿੱਚ ਉਹ ਸਰਕਾਰ ਦੇ ਨਾਲ ਹਨ, ਪਰ ਸਰਕਾਰ ਨੂੰ ਡੀਜ਼ਲ ਦੀਆਂ ਕੀਮਤਾਂ ਸਥਿਰ ਕਰਨ ਲਈ ਯਤਨ ਕਰਨਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਉਦਯੋਗਪਤੀਆਂ ਦੀ ਲਾਗਤ ਖ਼ਰਚ ਵਿੱਚ ਵਾਧਾ ਨਾ ਹੋਵੇ। ਕਿਉਂਕਿ ਪੰਜਾਬ ਦੇ ਉਦਯੋਗਪਤੀ ਪਹਿਲਾਂ ਹੀ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਹੇ ਹਨ।
ਹਵਾਈ ਅੱਡਾ ਚਾਲੂ ਹੋਣਾ ਚੰਗਾ ਕਦਮ, ਪਰ ਡੀਜ਼ਲ ਦੇ ਭਾਅ ਨਾ ਵਧੇ-ਭੋਗਲ
ਐਮਐਸ ਭੋਗਲ ਐਨ ਸੰਨਜ਼ ਦੇ ਐਮਡੀ ਤੇ ਯੂਸੀਪੀਐਮਏ ਦੇ ਪ੍ਰਸ਼ਾਸਕ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਹਲਵਾਰਾ ਹਵਾੲ ਅੱਡਾ ਚਾਲੂ ਕਰਨਾ ਚੰਗਾ ਕਦਮ ਹੈ, ਪਰ ਦਿੱਲੀ ਦੇ ਨਾਲ-ਨਾਲ ਮੁੰਬਈ, ਚੇਨਈ ਸਮੇਤ ਹੋਰ ਰਾਜਾਂ ਲਈ ਵੀ ਉਡਾਣਾ ਚਾਲੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗਪਤੀ ਪਹਿਲਾਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਅਜਿਹੇ ਦੌਰ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਡੀਜ਼ਲ ਦੇ ਭਾਅ ਘਟਾਉਣ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਅੰਤਰਰਾਸ਼ਟਰੀ ਗਾਹਕ ਲੁਧਿਆਣਾ ਆਉਣਗੇ, ਡੀਜ਼ਲ ਦਾ ਭਾਅ ਘੱਟ ਹੋਵੇ-ਭੰਬਰਾ
ਫ਼ਾਸਟਰਨ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਨਰਿੰਦਰ ਭੰਬਰਾ ਨੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਚਾਲੂ ਹੋਣ ਨਾਲ ਅੰਤਰਰਾਸ਼ਟਰੀ ਗਾਹਕਾਂ ਦੀ ਲੁਧਿਆਣਾ ਵਿੱਚ ਆਮਦ ਵਧੇਗੀ, ਕਿਉਂਕਿ ਹੁਣ ਹਵਾਈ ਜ਼ਹਾਜ ਰਾਹੀਂ ਲੁਧਿਆਣਾ ਆਉਣਾ ਆਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੇਲ ਕੰਪਨੀਆਂ ਦੀ ਬਜਾਏ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਹਨ।