ਅਹਿਮ ਖ਼ਬਰ-ਉਦਯੋਗਪਤੀਆਂ ਦੇ ਪੀਪੀਸੀਬੀ ਵਿਰੁੱਧ ਪ੍ਰਦਰਸ਼ਨ ਨੂੰ ਰੋਕਣ ਲਈ ਪ੍ਰਸ਼ਾਸ਼ਨ ਤੇ ਪੁਲਿਸ ਰਹੀ ਪੱਬਾਂ ਭਾਰ, ਟੈਂਟ ਪੁੱਟਿਆ

-ਟੈਂਟ ਪੁੱਟਿਆ, ਪੁਲਿਸ ਨੇ ਬੈਰੀਕੇਡ ਲਗਾ ਕੇ ਉਦਯੋਗਪਤੀਆਂ ਨੂੰ ਪੀਪੀਸੀਬੀ ਦਫ਼ਤਰ ਦੇ ਬਾਹਰ ਜਾਣ ਤੋਂ ਰੋਕਿਆ
-5 ਜੂਨ ਤੱਕ ਉਦਯੋਗਿਕ ਮੁੱਦੇ ਹੱਲ ਨਾ ਹੋਣ ਤੇ ‘ਪੰਜਾਬ ਬੰਦ’ ਕਰਨ ਦਾ ਸੱਦਾ ਦੇਣ ਦਾ ਐਲਾਨ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਉਦਯੋਗਪਤੀਆਂ ਤੇ ਸਨਅਤੀ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਕ ਬੋਰਡ (ਪੀਪੀਸੀਬੀ) ਵਿਰੁੱਧ ਧਰਨਾ ਦੇਣ ਦਾ ਐਲਾਨ ਕੀਤਾ ਸੀ। ਪਰ ਧਰਨੇ ਤੋਂ ਪਹਿਲਾਂ ਹੀ ਅੱਜ ਸਵੇਰ ਤੋਂ ਹੀ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਉਦਯੋਗਪਤੀਆਂ ਨੇ ਧਰਨੇ ਵਾਲੀ ਥਾਂ ਤੋਂ ਰੋਕਣ ਦਾ ਯਤਨ ਕੀਤਾ। ਪੀਪੀਸੀਬੀ ਦਫ਼ਤਰ ਦੇ ਬਾਹਰ ਪੁਲਿਸ ਨੇ ਬੈਰੀਕੇਡ ਲਗਾ ਕੇ ਟੈਂਟ ਨੂੰ ਪੁੱਟ ਦਿੱਤਾ। ਪੁਲਿਸ ਵਿਭਾਗ ਨੇ ਵੱਡੀ ਗਿਣਤੀ ਵਿੱਚ ਫੋਰਸਾਂ, ਵਾਟਰ ਕੈਨਨਾਂ ਅਤੇ ਐਂਟੀ ਰੋਇਟ ਵਾਹਨਾਂ ਸਮੇਤ ਤਾਇਨਾਤ ਕੀਤੀਆਂ। ਜਿਸ ਕਰਕੇ ਉਦਯੋਗਪਤੀ ਕਾਫ਼ੀ ਨਿਰਾਸ਼ ਨਜ਼ਰ ਆਏ। ਉਦਯੋਗਿਕ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ 5 ਜੂਨ 2026 ਤੋਂ ਪਹਿਲਾਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਹੈ, ਤਾਂ ਪੰਜਾਬ ਭਰ ਦੇ ਉਦਯੋਗ ਪ੍ਰਦੂਸ਼ਣ ਵਿਭਾਗ ਵੱਲੋਂ ਕਥਿਤ ਪਰੇਸ਼ਾਨੀ ਦੇ ਖਿਲਾਫ ਪੰਜਾਬ ਬੰਦ ਦਾ ਸੱਦਾ ਦੇਣ ਲਈ ਮਜਬੂਰ ਹੋਣਗੇ।
ਧਰਨੇ ਨੂੰ ਰੋਕਣ ਲਈ ਪੁਲਿਸ ਤੇ ਪ੍ਰਸ਼ਾਸਨ ਨੇ ਪੂਰੀ ਤਾਕਤ ਦਾ ਇਸਤੇਮਾਲ ਕੀਤਾ। ਪ੍ਰਦਰਸ਼ਨ ਤੋਂ ਪਹਿਲਾਂ ਫੋਕਲ ਪੁਆਇੰਟ ਫੇਜ਼ 5 ਵਿੱਚ ਪੀਪੀਸੀਬੀ ਦਫ਼ਤਰ ਦੇ ਬਾਹਰਲੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ। ਦਫ਼ਤਰ ਵੱਲ ਜਾਣ ਵਾਲੀਆਂ ਦੋਵੇਂ ਮੁੱਖ ਸੜਕਾਂ 'ਤੇ ਭਾਰੀ ਬੈਰੀਕੇਡ ਲਗਾਏ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਪ੍ਰਦਰਸ਼ਨ ਕਾਰਨ ਪੀਪੀਸੀਬੀ ਦਫ਼ਤਰ ਅਤੇ ਆਲੇ-ਦੁਆਲੇ ਦਾ ਇਲਾਕਾ ਦਿਨ ਭਰ ਪੂਰੀ ਤਰ੍ਹਾਂ ਪੁਲਿਸ ਦੇ ਕਬਜ਼ੇ ਹੇਠ ਰਿਹਾ। ਕਈ ਥਾਵਾਂ 'ਤੇ ਬੈਰੀਕੇਡ ਲਗਾਏ ਗਏ ਸਨ, ਜਿਸ ਨਾਲ ਆਵਾਜਾਈ 'ਤੇ ਪਾਬੰਦੀ ਲੱਗੀ ਹੋਈ ਸੀ। ਇੱਥੋਂ ਤੱਕ ਕਿ ਆਲੇ-ਦੁਆਲੇ ਦੇ ਫੈਕਟਰੀ ਮਾਲਕਾਂ ਅਤੇ ਕਰਮਚਾਰੀਆਂ ਨੂੰ ਵੀ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਦੀ ਸਖ਼ਤੀ ਨੇ ਪੂਰੇ ਉਦਯੋਗਿਕ ਖੇਤਰ ਵਿੱਚ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ।
ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਕਾਰੋਬਾਰੀਆਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ (ਯੂਸੀਪੀਐਮਏ) ਦੇ ਚੇਅਰਮੈਨ ਜਤਿੰਦਰ ਮਿੱਤਲ ਦੀ ਫੇਜ਼- 1 ਕਾਰਖ਼ਾਨੇ ਵਿੱਚ ਵੱਡੀ ਗਿਣਤੀ ਵਿੱਚ ਉਦਯੋਗਪਤੀ ਇਕੱਠੇ ਹੋਣੇ ਸ਼ੁਰੂ ਹੋ ਗਏ। ਕਾਰੋਬਾਰੀਆਂ ਦੀ ਲਗਾਤਾਰ ਵੱਧ ਰਹੀ ਭੀੜ ਨੇ ਪੁਲਿਸ ਅਤੇ ਪ੍ਰਸ਼ਾਸਨ ਦੋਵਾਂ ਨੂੰ ਸੁਚੇਤ ਕੀਤਾ। ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਜਤਿੰਦਰ ਮਿੱਤਲ ਦੀ ਫੈਕਟਰੀ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ, ਅਤੇ ਬਹੁਤ ਸਾਰੇ ਕਾਰੋਬਾਰੀਆਂ ਨੂੰ ਅੰਦਰ ਹੀ ਹਿਰਾਸਤ ਵਿੱਚ ਲੈ ਲਿਆ ਗਿਆ।
ਪ੍ਰਸ਼ਾਸਨ ਨੇ ਸਖ਼ਤੀ ਦਿਖਾਉਣ ਦੇ ਨਾਲ ਸ਼ਾਂਤੀ ਬਣਾਈ ਰੱਖਣ ਲਈ ਗੱਲਬਾਤ ਦਾ ਰਸਤਾ ਵੀ ਖੁੱਲ੍ਹਾ ਰੱਖਿਆ। ਲਗਭਗ 12 ਵਜੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੰਬੀ ਅਤੇ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਉਦਯੋਗਪਤੀਆਂ ਨਾਲ ਗੱਲਬਾਤ ਕਰਨ ਲਈ ਜਤਿੰਦਰ ਉਦਯੋਗ ਪਹੁੰਚੇ। ਲਗਭਗ ਡੇਢ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਫਾਸਟਨਰ ਮੈਨੂਫੈਕਚਰਰ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਨਰਿੰਦਰ ਭੰਮਰਾ, ਯੂਸੀਪੀਐਮਏ ਦੇ ਚੇਅਰਮੈਨ ਜਤਿੰਦਰ ਮਿੱਤਲ, ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ, ਫਾਸਟਨਰ ਸਪਲਾਇਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਸਿੰਗਲਾ, ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਕੁਲਾਰ, ਬਹਾਦਰਕੇ ਨਿਟਵੀਅਰ ਐਂਡ ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਤਰੁਣ ਜੈਨ ਬਾਵਾ, ਲੁਧਿਆਣਾ ਵਾਇਰ ਮੈਨੂਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਰਵੀਕਾਂਤ ਮਿਗਲਾਨੀ, ਅਜੀਤ ਲਾਕੜਾ ਅਤੇ ਵੱਡੀ ਗਿਣਤੀ ਵਿੱਚ ਕਾਰੋਬਾਰੀ ਮੌਜੂਦ ਸਨ।
ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਪ੍ਰਸ਼ਾਸਨ ਦੇ ਰਵੱਈਏ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਉਨ੍ਹਾਂ ਦਾ ਜਮਹੂਰੀ ਹੱਕ ਹੈ ਅਤੇ ਉਨ੍ਹਾਂ ਨੂੰ ਰੋਕਣਾ ਉਨ੍ਹਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਕਾਰੋਬਾਰੀਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ, ਤਾਂ ਉਹ ਪਿੱਛੇ ਨਹੀਂ ਹਟਣਗੇ। ਤੇਜਾ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਰੋਕਣ ਨਹੀਂ ਸਗੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਣਨਾ ਚਾਹੁੰਦਾ ਹੈ ਕਿ ਕਿਹੜੇ ਹਾਲਾਤਾਂ ਨੇ ਉਦਯੋਗਪਤੀਆਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਕੀਤਾ। ਕਾਰੋਬਾਰਾਂ ਨੇ ਪੀਪੀਸੀਬੀ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦੋਸ਼ ਲਗਾਇਆ ਕਿ ਬੋਰਡ ਦੇ ਕੁੱਝ ਅਧਿਕਾਰੀ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਰਾਹੀਂ ਆਮ ਕਾਰੋਬਾਰੀ ਮਾਲਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜੇਕਰ ਕੋਈ ਕਾਰੋਬਾਰੀ ਭੁਗਤਾਨ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਂਦੇ ਹਨ। ਸੁਣਵਾਈ ਲਈ ਆਉਣ ਵਾਲੇ ਉਦਯੋਗਪਤੀਆਂ ਨੂੰ ਵੀ ਘੰਟਿਆਂਬੱਧੀ ਦਫ਼ਤਰਾਂ ਵਿੱਚ ਬਿਠਾ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਕਾਰੋਬਾਰੀਆਂ ਨੇ ਕਿਹਾ ਕਿ ਪਿਛਲੇ ਮਹੀਨੇ ਭੇਜੇ ਗਏ ਨੋਟਿਸਾਂ ਦੀ ਗਿਣਤੀ ਸੀਮਾ ਤੱਕ ਪਹੁੰਚ ਗਈ ਹੈ। ਛੋਟੇ ਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਪਹਿਲਾਂ ਹੀ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਪੀਪੀਸੀਬੀ ਅਧਿਕਾਰੀਆਂ ਦੀ ਕਥਿਤ ਧੱਕੇਸ਼ਾਹੀ ਨੇ ਉਨ੍ਹਾਂ ਨੂੰ ਹੋਰ ਵੀ ਅਪਾਹਜ ਬਣਾ ਦਿੱਤਾ ਹੈ। ਮਨੋਵਿਗਿਆਨਕ ਦਬਾਅ ਕਾਰਨ ਬਹੁਤ ਸਾਰੇ ਕਾਰੋਬਾਰਾਂ ਨੂੰ ਆਪਣੀਆਂ ਫੈਕਟਰੀਆਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਉੱਚ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਪ੍ਰਸ਼ਾਸਨ ਉਦਯੋਗ ਦੀਆਂ ਜਾਇਜ਼ ਮੰਗਾਂ ਦਾ ਹੱਲ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ, ਤਾਂ ਜੋ ਉਨ੍ਹਾਂ ਨੂੰ ਦੁਬਾਰਾ ਸੜਕਾਂ 'ਤੇ ਉਤਰਨ ਲਈ ਮਜਬੂਰ ਨਾ ਹੋਣਾ ਪਵੇ।
---
ਮੁੱਖ ਇੰਜੀਨੀਅਰ ਰੱਤੜਾ ਦੀ ਬਦਲੀ ਸਮੇਤ ਕਈ ਮੰਗਾਂ ਰੱਖੀਆਂ
ਉਦਯੋਗਪਤੀਆਂ ਨੇ ਕਿਹਾ ਕਿ ਉਹ ਇੱਕ ਸ਼ਾਂਤੀਪੂਰਨ ਜਮਹੂਰੀ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਦਯੋਗ ਨੇ ਪੀਪੀਸੀਬੀ ਦੇ ਮੁੱਖ ਵਾਤਾਵਰਣ ਇੰਜੀਨੀਅਰ ਆਰਕੇ ਰੱਤੜਾ ਦਾ ਲੁਧਿਆਣਾ ਤੋਂ ਤੁਰੰਤ ਤਬਾਦਲਾ ਕਰਨ ਦੀ ਮੰਗ ਕੀਤੀ। ਉਦਯੋਗ ਨੇ ਉਦਯੋਗਿਕ ਇਕਾਈਆਂ ਨੂੰ ਜਾਰੀ ਕੀਤੇ ਗਏ ਸਾਰੇ ਹਾਲੀਆ ਕਾਰਨ ਦੱਸੋ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਨੇ ਬੇਬੁਨਿਆਦ ਤੇ ਗੈਰ-ਵਾਜਬ ਦੱਸਿਆ। ਉਦਯੋਗ ਨੇ ਲੁਧਿਆਣਾ ਵਿੱਚ ਇੱਕ ਇਮਾਨਦਾਰ ਤੇ ਉਦਯੋਗ-ਪੱਖੀ ਅਧਿਕਾਰੀ ਦੀ ਨਿਯੁਕਤੀ ਦੀ ਮੰਗ ਕੀਤੀ।ਉਦਯੋਗਿਕ ਸੰਗਠਨਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਸਿੱਧੀ ਮੀਟਿੰਗ ਦੀ ਮੰਗ ਕੀਤੀ, ਤਾਂ ਜੋ ਉਦਯੋਗ ਦੀਆਂ ਸ਼ਿਕਾਇਤਾਂ ਉਨ੍ਹਾਂ ਦੇ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਕੀਤੀਆਂ ਜਾ ਸਕਣ। ਉਦਯੋਗਪਤੀਆਂ ਨੇ ਪ੍ਰਦੂਸ਼ਣ ਨਿਯਮਾਂ ਦੀ ਕਥਿਤ ਤੌਰ 'ਤੇ ਪਾਲਣਾ ਨਾ ਕਰਨ ਲਈ ਉਦਯੋਗਿਕ ਇਕਾਈਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਸੁਧਾਰ ਅਤੇ ਪਾਲਣਾ ਕਰਨ ਲਈ ਇੱਕ ਉਚਿਤ ਮੌਕਾ ਅਤੇ ਵਾਜਬ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਪ੍ਰਦੂਸ਼ਣ ਬੋਰਡ ਦੇ ਨਿਯਮਾਂ ਅਨੁਸਾਰ ਕਿਸੇ ਵੀ ਯੂਨਿਟ ਦਾ ਬਿਜਲੀ ਕਨੈਕਸ਼ਨ ਨਹੀਂ ਕਟਿਆ ਜਾ ਸਕਦਾ, ਉਦਯੋਗ ਨੇ ਅੱਗੇ ਮੰਗ ਕੀਤੀ ਕਿ ਸਹਿਮਤੀ ਫੀਸਾਂ ਦੀ ਨਿਰਧਾਰਿਤਾ ਪਲਾਂਟ ਤੇ ਮਸ਼ੀਨਰੀ ਦੇ ਘਟੇ ਹੋਏ ਮੁੱਲ ’ਤੇ ਹੋਣੀ ਚਾਹੀਦੀ ਹੈ, ਨਾ ਕਿ ਪਲਾਂਟ ਅਤੇ ਮਸ਼ੀਨਰੀ ਦੀ ਅਸਲ ਕੀਮਤ, ਫਰਨੀਚਰ, ਫਿਕਸਚਰ, ਵਾਹਨਾਂ ਤੇ ਹੋਰ ਗੈਰ-ਉਤਪਾਦਕ ਸੰਪਤੀਆਂ ਵਰਗੀਆਂ ਸਥਿਰ ਸੰਪਤੀਆਂ ਦੇ ਮੁੱਲ 'ਤੇ ਅਧਾਰਤ ਤੇ ਨਹੀਂ ਹੋਣੀ ਚਾਹੀਦੀ। ਉਦਯੋਗਪਤੀਆਂ ਨੇ ਧਮਕੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਆਪਣਾ ਅੰਦੋਲਨ ਤੇਜ਼ ਕਰ ਦੇਣਗੇ।
---
ਕੀ ਉਦਯੋਪਤੀ ਪੀਪੀਸੀਬੀ ਦਫ਼ਤਰ ਨੂੰ ਲਾਉਣੇ ਚਾਹੁੰਦੇ ਸੀ ਅੱਗੇ?
ਮੀਟਿੰਗ ਦੌਰਾਨ ਯੂਸੀਪੀਐਮਏ ਦੇ ਚੇਅਰਮੈਨ ਜਤਿੰਦਰ ਮਿੱਤਲ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਕਾਰੋਬਾਰੀ ਪ੍ਰਦਰਸ਼ਨ ਦੌਰਾਨ ਪੀਪੀਸੀਬੀ ਦਫ਼ਤਰ ਨੂੰ ਅੱਗ ਲਗਾ ਸਕਦੇ ਹਨ ਅਤੇ ਅਧਿਕਾਰੀਆਂ 'ਤੇ ਪੱਥਰਬਾਜ਼ੀ ਕਰ ਸਕਦੇ ਹਨ। ਮਿੱਤਲ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਦਬਾਉਣ ਲਈ ਪਹਿਲਾਂ ਵੀ ਸੈਂਕੜੇ ਵਾਰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤੇ ਹਨ, ਪਰ ਕਿਸੇ ਵੀ ਸਰਕਾਰ ਨੇ ਸਾਨੂੰ ਇਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਦਯੋਗਪਤੀ ਸਿਰਫ਼ ਆਪਣੀਆਂ ਫੈਕਟਰੀਆਂ ਅਤੇ ਨੌਕਰੀਆਂ ਬਚਾਉਣ ਲਈ ਲੜ ਰਹੇ ਹਨ।
---
ਇਨ੍ਹਾਂ ਜਥੇਬੰਦੀਆ ਨੇ ਧਰਨੇ ਦੀ ਕੀਤੀ ਹਮਾਇਤ
ਅੱਜ ਦੇ ਰੋਸ ਧਰਨੇ ਦੀ ਯੂਨਾਈਟਿਡ ਸਾਈਕਲਜ਼ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ,ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ, ਫਾਸਟਨਰਜ਼ ਮੈਨੂਫੈਕਚਰਜ਼ ਐਸੋਸੀਏਸ਼ਨ ਆਫ ਇੰਡੀਆ, ਐਸੋਸੀਏਸ਼ਨ ਆਫ ਟ੍ਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਜ਼, ਐਪੈਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੰਜਾਬ), ਇੰਡਕਸ਼ਨ ਫਰਨੇਸ ਐਸੋਸੀਏਸ਼ਨ ਆਫ ਨੌਰਥ ਇੰਡੀਆ, ਫਾਸਟਨਰ ਸਪਲਾਇਰਜ਼ ਐਸੋਸੀਏਸ਼ਨ,ਲਘੂ ਉਦਯੋਗ ਭਾਰਤੀ ਲੁਧਿਆਣਾ, ਲੁਧਿਆਣਾ ਸਟੀਲ ਬ੍ਰੋਕਰਜ਼ ਵੈਲਫੇਅਰ ਐਸੋਸੀਏਸ਼ਨ ,ਲੁਧਿਆਣਾ ਵਾਇਰ ਮੈਨੂਫੈਕਚਰਜ਼ ਐਸੋਸੀਏਸ਼ਨ,ਲੁਧਿਆਣਾ ਹੈਂਡ ਟੂਲਜ਼ ਐਸੋਸੀਏਸ਼ਨ, ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ, ਬਹਾਦਰਕੇ ਨਿਟਵੀਅਰ ਐਂਡ ਟੈਕਸਟਾਈਲ ਐਸੋਸੀਏਸ਼ਨ, ਸਮਾਲ ਸਕੇਲ ਮਿੱਲਰ ਗੰਜ ਵੈਲਫੇਅਰ ਐਸੋਸੀਏਸ਼ਨ,ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼,ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਹਮਾਇਤ ਕੀਤੀ।