ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਈ ਹੈ ਕਾਂਗਰਸ : ਬੈਂਸ
ਵਾਰਡ ਨੰਬਰ 52 ਵਿੱਚ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਦੌਰਾਨ ਅਹਿਮ ਚਰਚਾ
Publish Date: Sun, 10 May 2026 06:46 PM (IST)
Updated Date: Mon, 11 May 2026 04:09 AM (IST)
ਵਾਰਡ ਨੰਬਰ 52 ਵਿੱਚ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਦੌਰਾਨ ਅਹਿਮ ਚਰਚਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਵਾਰਡ ਨੰਬਰ 52 ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਤੇ ਜੁਝਾਰੂ ਆਗੂ ਸੁਰਿੰਦਰ ਸਿੰਘ ਟੋਨੀ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸੈਂਕੜੇ ਵਰਕਰਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਇਲਾਕੇ ਵਿੱਚ ਕਾਂਗਰਸ ਪਾਰਟੀ ਦੀ ਪਕੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਚੁੱਕੀ ਹੈ।
ਬੈਂਸ ਨੇ ਮੌਜੂਦਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਸਿਰਫ਼ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਵਿਕਾਸ ਦੇ ਸਾਰੇ ਕਾਰਜ ਠੱਪ ਪਏ ਹਨ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਹਵਾ ਵਿੱਚ ਉੱਡ ਗਏ ਹਨ ਅਤੇ ਨਸ਼ਾ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਬੈਂਸ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਆਮ ਆਦਮੀ ਦਿਨ-ਦਿਹਾੜੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਦੂਜੇ ਪਾਸੇ ਮਹਿੰਗਾਈ ਨੇ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੀ ਜਨਤਾ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਮੀਟਿੰਗ ਦੇ ਪ੍ਰਬੰਧਕ ਸੁਰਿੰਦਰ ਸਿੰਘ ਟੋਨੀ ਨੇ ਆਏ ਹੋਏ ਸਾਰੇ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਵਾਰਡ ਨੰਬਰ 52 ਦਾ ਇੱਕ-ਇੱਕ ਵਰਕਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ ਅਤੇ ਕਾਂਗਰਸ ਪਾਰਟੀ ਇੱਕ ਵਾਰ ਫਿਰ ਤੋਂ ਵੱਡੀ ਜਿੱਤ ਦਰਜ ਕਰੇਗੀ। ਇਸ ਪ੍ਰਭਾਵਸ਼ਾਲੀ ਇਕੱਠ ਵਿੱਚ ਸਾਬਕਾ ਬਲਾਕ ਪ੍ਰਧਾਨ ਤੇ ਕਾਂਗਰਸ ਕੌਂਸਲਰ ਪਤੀ ਹਰਵਿੰਦਰ ਸਿੰਘ ਕਲੇਰ, ਬਲਾਕ ਪ੍ਰਧਾਨ ਲਖਬੀਰ ਸਿੰਘ ਸੰਧੂ, ਟੋਨੀ ਅਰੋੜਾ ਅਤੇ ਇਲਾਕੇ ਦੇ ਕਈ ਪਤਵੰਤੇ ਸੱਜਣ, ਸਥਾਨਕ ਕਾਂਗਰਸੀ ਆਗੂ ਤੇ ਭਾਰੀ ਗਿਣਤੀ ਵਿੱਚ ਨੌਜਵਾਨ ਸਾਥੀ ਮੌਜੂਦ ਸਨ, ਜਿਨ੍ਹਾਂ ਨੇ ਪਾਰਟੀ ਦੇ ਝੰਡੇ ਹੇਠ ਇੱਕਜੁੱਟ ਹੋ ਕੇ ਚੱਲਣ ਦਾ ਵਿਸ਼ਵਾਸ ਦਿਵਾਇਆ।--