ਅਹਿਮ ਤੇ ਜ਼ਰੂਰੀ ਖ਼ਬਰ-ਹਲਕਾ ਆਤਮ ਨਗਰ ’ਚ ਬੀਸੀ ਵਿੰਗ ਦੇ ਸਮਾਗਮ ਲਈ ਹਲਕਾ ਇੰਚਾਰਜ ਨੂੰ ਨਹੀਂ ਦਿੱਤਾ ਸੱਦਾ

-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਬਹਾਨੇ ਗਾਬੜ੍ਹੀਆਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰਨਗੇ
-ਹਲਕਾ ਇੰਚਾਰਜ ਸੋਖੀ ਤੇ ਗਾਬੜ੍ਹੀਆ ਪਰਿਵਾਰ ਦੀ ਆਪਸੀ ਖਿੱਚੋ ਤਾਣ ਨਾਲ ਅਕਾਲੀ ਦਲ ਨੂੰ ਨੁਕਸਾਨ ਹੋਣ ਦਾ ਖਦਸ਼ਾ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸ੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਵੱਲੋਂ 10 ਮਈ ਦਿਨ ਐਤਵਾਰ ਨੂੰ ਹਲਕਾ ਆਤਮ ਨਗਰ ਦੀ ਗਿੱਲ ਰੋਡ ਦਾਣਾ ਮੰਡੀ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਨ ਗਾਬੜ੍ਹੀਆ ਵੱਲੋਂ ਵੱਡਾ ਇੱਕਠ ਕੀਤਾ ਜਾ ਰਿਹਾ ਹੈ,ਜਿਸ ਨੂੰ ਸੰਬੋਧਨ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜ ਰਹੇ ਹਨ। ਪਰ ਇਸ ਸਮਾਗਮ ਲਈ ਬੀਸੀ ਭਾਈਚਾਰੇ ਨਾਲ ਸਬੰਧਤ ਹਲਕਾ ਆਤਮ ਨਗਰ ਦੇ ਇੰਚਾਰਜ ਨੂੰ ਹੀ ਸੱਦਾ ਪੱਤਰ ਨਹੀਂ ਦਿੱਤਾ ਗਿਆ। ਜਿਸ ਕਰਕੇ ਅਕਾਲੀਆਂ ਦੀ ਆਪਸੀ ਧੜ੍ਹੇਬੰਦੀ ਜੱਗ ਜ਼ਾਹਿਰ ਹੋ ਗਈ ਹੈ।
ਜਾਣਕਾਰੀ ਅਨੁਸਾਰ ਜਥੇਦਾਰ ਗਾਬੜ੍ਹੀਆ ਬੀਸੀ ਵਿੰਗ ਦੀ ਮੀਟਿੰਗ ਤੇ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਦੇ ਬਹਾਨੇ ਹਲਕਾ ਆਤਮ ਨਗਰ ਵਿੱਚ ਆਪਣੇ ਸਪੁੱਤਰ ਤੇ ਕੌਂਸਲਰ ਰਖਵਿੰਦਰ ਸਿੰਘ ਗਾਬੜ੍ਹੀਆ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਦਾ ਦਾਅ ਖੇਡ ਰਹੇ ਹਨ। ਗਾਬੜ੍ਹੀਆ ਵੱਲੋਂ ਬੀਸੀ ਭਾਈਚਾਰੇ ਨਾਲ ਸਬੰਧਤ ਤੇ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਨੂੰ ਸਮਾਗਮ ਤੋਂ ਦੂਰ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਮਾਗਮ ਲਈ ਸੱਦਾ ਵੀ ਨਹੀਂ ਦਿੱਤਾ ਗਿਆ। ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਸ਼ਹਿਰੀ ਹਲਕਿਆਂ ਵਿੱਚ ਪਹਿਲਾਂ ਹੀ ਹਲਾਤ ਬਹੁਤੇ ਚੰਗੇ ਨਹੀਂ ਹਨ ਅਤੇ ਉਤੋਂ ਅਜਿਹੀ ਸਿਆਸੀ ਖਿੱਚੋਤਾਣ ਪਾਰਟੀ ਨੂੰ ਹਲਕੇ ਅੰਦਰ ਹੋਰ ਵੀ ਜਿਆਦਾ ਕਮਜ਼ੋਰ ਕਰੇਗੀ। ਲੋਕਾਂ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਗਾਬੜ੍ਹੀਆ ਆਪਣੀ ਹੀ ਪਾਰਟੀ ਦੇ ਪ੍ਰਧਾਨ ਵੱਲੋਂ ਲਗਾਏ ਗਏ ਹਲਕਾ ਇੰਚਾਰਜ ਨੂੰ ਕੁੱਝ ਵੀ ਨਹੀਂ ਸਮਝਦੇ ਅਤੇ ਦੂਸਰੇ ਪਾਸੇ ਪਾਰਟੀ ਪ੍ਰਧਾਨ ਵੀ ਹਲਕੇ ਅੰਦਰ ਧੜ੍ਹੇਬੰਦੀ ਨੂੰ ਹਵਾ ਦਿੰਦੇ ਦਿਖਾਈ ਦੇ ਰਹੇ ਹਨ। ਇਸ ਲਈ ਉਹ ਹਲਕਾ ਇੰਚਾਰਜ ਦੀ ਗੈਰ ਹਾਜ਼ਰੀ ਵਾਲੇ ਸਮਾਗਮ ਵਿੱਚ ਆ ਰਹੇ ਹਨ। ਦੂਸਰੇ ਪਾਸੇ ਸੋਖੀ ਨੇ ਵੀ ਆਪਣੇ ਦਫ਼ਤਰ ਵਿੱਚ 10 ਮਈ ਨੂੰ ਹੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ੂਨਾਦਾਨ ਤੇ ਮੈਡੀਕਲ ਜਾਂਚ ਕੈਂਪ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਰਾਜਸੀ ਲਾਹਾ ਲੈਣ ਲਈ ਕੀਤੇ ਜਾ ਰਹੇ ਸਮਾਗਮਾਂ ਦਾ ਭਵਿੱਖ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਨਾਲ ਪਾਰਟੀ ਵਿਚਲੀ ਧੜ੍ਹੇਬਾਜ਼ੀ ਸਿਖਰਾਂ ’ਤੇ ਪੁੱਜ ਜਾਵੇਗੀ। ਜਿਸ ਨਾਲ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ।
---
ਸਮਾਗਮ ਲਈ ਸੱਦਾ ਨਹੀਂ ਮਿਲਿਆ : ਸੋਖੀ
ਸ੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਸੰਪਰਕ ਕਰਨ ’ਤੇ ਆਖਿਆ ਕਿ ਉਨ੍ਹਾਂ ਨੂੰ 10 ਮਈ ਦੇ ਸਮਾਗਮ ਲਈ ਕੋਈ ਵੀ ਸੱਦਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੱਣਾ ਦੇਣਾ ਜਾਂ ਨਾ ਦੇਣਾ ਪ੍ਰਬੰਧਕਾਂ ਦੀ ਮਰਜੀ ਹੈ। ਉਨ੍ਹਾਂ ਕਿਹਾ ਕਿ ਊਹ ਆਪਣੇ ਦਫ਼ਤਰ ਵਿੱਚ ਖ਼ੂਨਦਾਨ ਕੈਂਪ ਤੇ ਮੈਡੀਕਲ ਜਾਂਚ ਕੈਂਪ ਲਗਾ ਰਹੇ ਹਨ।
---
ਸਾਂਝਾ ਸਮਾਗਮ ਸਭ ਨੂੰ ਸੱਦਾ ਪੱਤਰ ਭੇਜੇ : ਗਾਬੜ੍ਹੀਆ
ਬੀਸੀ ਵਿੰਗ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਸੰਪਰਕ ਕਰਨ ’ਤੇ ਆਖਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਉਹ 1967 ਤੋਂ ਮਨਾ ਰਹੇ ਹਨ ਅਤੇ ਇਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੁਧਿਆਣਾ ਦੀ ਗਿੱਲ ਰੋਡ ਦਾਣਾ ਮੰਡੀ ਵਿੱਚ ਸਮਾਗਮ ਹੋ ਰਿਹਾ ਹੈ। ਸਮਾਗਮ ਸਾਰਿਆਂ ਦਾ ਸਾਂਝਾ ਹੈ ਅਤੇ ਇਸ ਸਮਾਗਮ ਦਾ ਸਾਰਿਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ’ਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ।