ਬਿਜਲੀ ਦੇ ਕੱਟਾਂ ਖਿਲਾਫ਼ ਅਕਾਲੀ ਦਲ ਵੱਲੋਂ ਹਲਕਾ ਪੱਧਰੀ ਧਰਨੇ ਦੇਣ ਦਾ ਫ਼ੈਸਲਾ, ਬਿਜਲੀ ਸੰਕਟ ਦੇ ਖਿਲਾਫ਼ ਲੁਧਿਆਣਾ ਸ਼ਹਿਰ ਦੇ 6 ਹਲਕਿਆਂ ’ਚ ਧਰਨਾ ਦਿਆਂਗੇ-ਭਿੰਦਾ
ਅਹਿਮ ਤੇ ਜ਼ਰੂਰੀ ਖ਼ਬਰ-ਬਿਜਲੀ ਦੇ ਕੱਟਾਂ ਖਿਲਾਫ਼ ਅਕਾਲੀ ਦਲ ਵੱਲੋਂ ਹਲਕਾ ਪੱਧਰੀ ਧਰਨੇ ਦੇਣ ਦਾ ਫ਼ੈਸਲਾ
Publish Date: Tue, 28 Apr 2026 06:17 PM (IST)
Updated Date: Tue, 28 Apr 2026 06:19 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਅੰਦਰ ਬਿਜਲੀ ਸੰਕਟ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਬਿਜਲੀ ਕੱਟਾਂ ਦੇ ਖਿਲਾਫ਼ ਸ੍ਰੋਮਣੀ ਅਕਾਲੀ ਦਲ ਵੱਲੋਂ ਹੱਲਕਾ ਪੱਧਰ ’ਤੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਤਹਿਤ 30 ਅਪ੍ਰੈਲ ਨੂੰ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਦੀ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅਤੇ ਲੰਬੇ ਤੇ ਰੋਜ਼ਾਨਾ ਬਿਜਲੀ ਕੱਟਾਂ ਵਿਰੁੱਧ ਲੁਧਿਆਣਾ ਪੱਛਮੀ, ਲੁਧਿਆਣਾ ਦੱਖਣੀ, ਲੁਧਿਆਣਾ ਉੱਤਰੀ, ਲੁਧਿਆਣਾ ਪੂਰਬੀ, ਲੁਧਿਆਣਾ ਕੇਂਦਰੀ ਤੇ ਆਤਮ ਨਗਰ ਵਿਖੇ ਹਲਕਾ ਇੰਚਾਰਜਾਂ ਦੀ ਅਗਵਾਈ ਵਿਚ ਰੋਸ ਧਰਨਾ ਦਿੱਤਾ ਜਾਵੇਗਾ। ਰੋਸ ਧਰਨੇ ਦਾ ਸਮਾਂ ਹਲਕਾ ਇੰਚਾਰਜਾਂ ਵੱਲੋਂ ਨਿਰਾਧਿਤ ਕੀਤਾ ਜਾਵੇਗਾ। ਭਿੰਦਾ ਨੇ ਕਿਹਾ ਕਿ ਧਰਨੇ ਦੇਣ ਦਾ ਫ਼ੈਸਲਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇਜ਼ੀ ਨਾਲ ਵਿਗੜਦੀ ਬਿਜਲੀ ਸਥਿਤੀ ਦੇ ਮੱਦੇਨਜ਼ਰ ਲਿਆ ਹੈ, ਜੋ ਕਿ ਪੰਜਾਬ ਭਰ ਦੇ ਲੋਕਾਂ ਨੂੰ ਲਗਾਤਾਰ ਲੰਮੇ-ਲੰਮੇ ਬਿਜਲੀ ਕੱਟਾਂ ਕਰਕੇ ਅਨੀਂਦਰੇ ਰਹਿਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਭਿਆਨਕ ਬਿਜਲੀ ਕੱਟ ਅਚਾਨਕ ਨਹੀਂ ਹਨ। ਇਹ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੀ ਮਾੜੀ ਯੋਜਨਾਬੰਦੀ, ਸਮੇਂ ਸਿਰ ਬਿਜਲੀ ਸਮਝੌਤੇ ਕਰਨ ਵਿੱਚ ਅਸਫਲਤਾ ਅਤੇ ਪ੍ਰਸ਼ਾਸਕੀ ਅਯੋਗਤਾ ਦਾ ਸਿੱਧਾ ਨਤੀਜਾ ਹਨ। ਭਿੰਦਾ ਨੇ ਕਿਹਾ ਕਿ ਇਸ ਸੰਕਟ ਨੂੰ ਹੱਲ ਕਰਨ ਦੀ ਬਜਾਏ, ਸਰਕਾਰ ਆਪਣੇ ਸੰਸਦ ਮੈਂਬਰਾਂ ਅਤੇ ਨੇਤਾਵਾਂ ਦੇ ਵੱਡੇ ਪੱਧਰ ਤੇ ਦਲ ਬਦਲੀ ਕਰਨ ਕਰਕੇ ਅੰਦਰੂਨੀ ਅਸਥਿਰਤਾ ਅਤੇ ਆਪਣੇ ਵਜੂਦ ਨੂੰ ਬਚਾਉਣ ਤੇ ਖਤਰਿਆਂ ਨੂੰ ਸੰਭਾਲਣ ਵਿਚ ਰੁੱਝੀ ਹੋਈ ਹੈ। ਪਰ ਪੰਜਾਬ ਦੀ ਜਨਤਾ ਭਾਰੀ ਗਰਮੀ ਦੀ ਮਾਰ ਝੱਲਦੀ ਹੋਈ ਤ੍ਰਾਹ ਤ੍ਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਦੇ ਵਿਰੁੱਧ ਜ਼ੌਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ।