ਅਹਿਮ ਤੇ ਜ਼ਰੂਰੀ ਖ਼ਬਰ-ਕੌਮਾਤਰੀ ਮਜ਼ਦੂਰ ਦਿਹਾੜੇ ’ਤੇ 43ਵੀਂ ਨਾਟਕਾਂ ਤੇ ਗੀਤਾਂ ਭਰੀ ਰਾਤ ਕਰਵਾਈ

-ਲੋਕਾਂ ਨੇ ਖੜ੍ਹੇ ਹੋ ਕੇ ਜੰਗ ਤੇ ਫਾਸ਼ੀਵਾਦ ਖ਼ਿਲਾਫ਼ ਜੂਝਣ ਦਾ ਕੀਤਾ ਅਹਿਦ ਕੀਤਾ
-ਮਈ ਦਿਵਸ ਦੇ ਮਹਿਬੂਬ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
-ਸਾਹਿਤ ਤੇ ਕਲਾ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
---
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਯਾਦਗਾਰੀ ਖੁੱਲ੍ਹੇ ਰੰਗ ਮੰਚ ਵਿਖੇ ਪਲਸ ਮੰਚ ਵੱਲੋੀ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਿਤ 43ਵੀਂ ਨਾਟਕਾਂ ਅਤੇ ਗੀਤਾਂ ਭਰੀ ਰਾਤ ਕਰਵਾਈ ਗਈ। ਇਸ ਵਾਰ ਦੀ ਰਾਤ ਅਮਰੀਕੀ ਇਜ਼ਰਾਇਲੀ ਹਾਕਮਾਂ ਵੱਲੋਂ ਇਰਾਨ ਅਤੇ ਹੋਰਨਾਂ ਮੁਲਕਾਂ ਉਪਰ ਮੜ੍ਹੀ ਜੰਗ ਖਿਲਾਫ਼ ਜੂਝਦੇ ਲੋਕਾਂ ਤੇ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਿਜਦਾ ਕਰਦਿਆਂ 'ਤੇ ਮਨਾਈ ਗਈ।
ਨਾਟਕਾਂ ਤੇ ਗੀਤਾਂ ਭਰੀ ਰਾਤ ਦਾ ਸ਼ੁਰੂਵਾਤ ਪਾਰਕ ਵਿੱਚ ਜੁੜੇ ਮਰਦਾਂ ਔਰਤਾਂ ਦੇ ਵਿਸ਼ਾਲ ਕਾਫ਼ਲੇ ਨਾਲ ਹੋਇਆ, ਜਿਹੜਾ ਕਾਫ਼ਲਾ ਆਪਣੇ ਹੱਥਾਂ 'ਚ ਜੰਗ ਵਿਰੋਧੀ ਫਲੈਕਸਾਂ, ਤਖ਼ਤੀਆਂ ਤੇ ਮੋਮਬੱਤੀਆਂ ਲੈ ਕੇ ਆਡੀਟੋਰੀਅਮ 'ਚ ਦਾਖ਼ਲ ਹੋਇਆ। ਲੋਕਾਂ ਨੇ ਖੜ੍ਹੇ ਹੋ ਕੇ ਜੰਗ ਅਤੇ ਫਾਸ਼ੀਵਾਦ ਖ਼ਿਲਾਫ਼ ਜੂਝਣ ਦਾ ਅਹਿਦ ਕੀਤਾ ਅਤੇ ਮਹਿਬੂਬ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ।
ਨਾਟਕਾਂ ਭਰੀ ਰਾਤ ਦੌਰਾਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਹਰਕੇਸ਼ ਚੌਧਰੀ ਨੇ ਅਮੋਲਕ ਸਿੰਘ, ਗੁਰਭਜਨ ਗਿੱਲ ਅਤੇ ਪਾਕਿਸਤਾਨੀ ਕਲਮਕਾਰ ਦੇ ਲਿਖੇ ਗੀਤਾਂ 'ਤੇ 'ਜੰਗ ਕੌਣ ਲੈ ਆਇਆ?' ਕੋਰਿਓਗਰਾਫ਼ੀ ਪੇਸ਼ ਕੀਤੀ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਸੁਰਿੰਦਰ ਸ਼ਰਮਾ) 'ਦੋ ਰੋਟੀਆਂ', ਮਾਨਵਤਾ ਕਲਾ ਮੰਚ ਨਗਰ (ਜਸਵਿੰਦਰ ਪੱਪੀ) 'ਧੁਖ਼ਦੀਆਂ ਰੂਹਾਂ', ਨਵਚਿੰਤਨ ਕਲਾ ਮੰਚ ਬਿਆਸ (ਕਰਾਂਤੀਪਾਲ) 'ਸੀਸ ਤਲ਼ੀ 'ਤੇ', ਸਿਰਜਣਾ ਆਰਟ ਗਰੁੱਪ ਰਾਏਕੋਟ (ਡਾ. ਸੋਮਪਾਲ ਹੀਰਾ) 'ਛੱਲਾਂ', ਅਵਾਮੀ ਰੰਗ ਮੰਚ ਸਿਹੌੜਾ (ਸ਼ੈਰੀ ਸਿਹੌੜਾ) 'ਇਕੋ ਮਿੱਟੀ ਦੇ ਪੁੱਤ', ਲੋਕ ਕਲਾ ਮੰਚ ਮੁੱਲਾਂਪੁਰ (ਹਰਕੇਸ਼ ਚੌਧਰੀ) ਵੱਲੋਂ 'ਬੇੜੀਆਂ ਲੱਗੇ ਸੁਪਨੇ' ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਇਪਟਾ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਸਾਥੀਆਂ ਨੇ 'ਭੰਡ ਪੰਜਾਬੀ ਭਵਨ ਆਏ' ਨਿਵੇਕਲੀ ਕਲਾ ਵੰਨਗੀ ਪੇਸ਼ ਕੀਤੀ। ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਸਾਰ੍ਹਾ, ਦਿਸ਼ਾ, ਮੌਸਮ, ਜਸਬੀਰ ਜੱਸੀ, ਰੂਬੀ, ਰਬਿਤਾ ਅਤੇ ਰਾਮ ਸਿੰਘ ਹਠੂਰ ਨੇ ਗੀਤਾਂ ਕਵਿਤਾਵਾਂ ਦਾ ਰੰਗ ਭਰਿਆ। ਨਾਟਕਾਂ ਅਤੇ ਗੀਤਾਂ ਭਰੀ ਰਾਤ ਸਾਮਰਾਜੀ ਤੇ ਦੇਸੀ ਕਾਰਪੋਰੇਟ ਘਰਾਣਿਆਂ, ਫਾਸ਼ੀ ਹੱਲੇ ਖ਼ਿਲਾਫ਼ ਸਾਹਿਤਕ/ਸਭਿਆਚਾਰਕ ਮੰਚ ਤੇ ਲੋਕਾਂ ਨੂੰ ਕਦਮ ਮਿਲਾ ਕੇ ਜੂਝਣ ਦਾ ਪੈਗ਼ਾਮ ਦੇਣ 'ਚ ਸਫ਼ਲ ਰਹੀ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਮਈ ਦੇ ਸ਼ਹੀਦਾਂ, ਬੱਬਰ ਅਕਾਲੀ ਲਹਿਰ, ਕੁੱਲ ਦੁਨੀਆ ਅੰਦਰ ਸਾਮਰਾਜੀ ਅਤੇ ਫਾਸ਼ੀ ਹੱਲੇ ਖਿਲਾਫ਼ ਜੂਝਦੇ ਲੋਕਾਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਸ ਵਿੱਚ ਸਾਹਿਤ ਅਤੇ ਕਲਾ ਦਾ ਮੋਰਚਾ ਆਪਣੇ ਹਿੱਸੇ ਦੀ ਮਿਸ਼ਾਲ ਲੈ ਕੇ ਜੂਝ ਰਿਹਾ ਹੈ। ਉਹਨਾਂ ਕਲਮ, ਕਲਾ ਤੇ ਲੋਕ ਸੰਗਰਾਮਾਂ ਦੀ ਮਜ਼ਬੂਤ ਅਤੇ ਵਿਸ਼ਾਲ ਗਲਵੱਕੜੀ ਉਪਰ ਜੋਰ ਦਿੱਤਾ। ਪਲਸ ਮੰਚ ਪ੍ਰਧਾਨ ਨੇ ਇਨਕਲਾਬੀ ਸਾਹਿਤਕ/ਸਭਿਆਚਾਰਕ ਲਹਿਰ ਦੇ ਨਿਰੰਤਰ ਪਿੜ ਮੱਲਣ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਸਾਹਿਤ ਤੇ ਕਲਾ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਰਣਜੀਤ ਲਹਿਰਾ, ਬੱਲੀ ਸਿੰਘ ਚੀਮਾ,ਪਰਮਜੀਤ ਚੱਕ ਦੇਸ ਰਾਜ ਅਤੇ ਕੁਲਵੰਤ ਕੌਰ ਨਗਰ ਦਾ ਲੋਈਆਂ ਅਤੇ 'ਗੁਰਸ਼ਰਨ ਲੋਕ ਕਲਾ ਸਨਮਾਨ' ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਅਰੀਤ, ਮਨਜੀਤ ਔਲਖ, ਪ੍ਰੋ. ਸੁਪਨਦੀਪ, ਬਿੱਟੂ ਮਾਨਸਾ ਅਤੇ ਮਨਜੀਤ ਸਿੰਘ ਚਾਹਿਲ ਮਾਨਸਾ ਸਮੂਹ ਔਲਖ ਪਰਿਵਾਰ ਨੇ ਪਲਸ ਮੰਚ ਦੀ ਤਰਫ਼ੋਂ ਇਹ ਸਨਮਾਨ ਭੇਟ ਕੀਤਾ।
ਪਲਸ ਮੰਚ ਵੱਲੋਂ ਪ੍ਰਕਾਸ਼ਿਤ, ਅਮੋਲਕ ਸਿੰਘ ਅਤੇ ਯਸ਼ਪਾਲ ਵੱਲੋਂ ਸੰਪਾਦਿਤ ਵੱਡ ਅਕਾਰੀ ਪੁਸਤਕ 'ਜੰਗ ਤੇ ਜ਼ਿੰਦਗੀ' ਸਮੇਤ ਵੱਖ-ਵੱਖ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।ਚਿੱਤਰਕਾਰ ਇੰਦਰਜੀਤ ਸਿੰਘ ਜਲੰਧਰ ਵੱਲੋਂ ਜੰਗ ਤੇ ਫਾਸ਼ੀਵਾਦ ਖਿਲਾਫ਼ ਦੁਨੀਆ ਭਰ 'ਚ ਨਿੱਤਰੇ ਲੋਕਾਂ ਦੀ ਸੂਰਮਗਤੀ ਭਰੀ ਗਾਥਾ ਤਸਵੀਰਾਂ ਤੇ ਕਵਿਤਾਵਾਂ ਦੇ ਸੁਮੇਲ ਨਾਲ ਸਜੀ ਹੋਈ ਫੋਟੋ ਕਲਾ ਪ੍ਰਦਰਸ਼ਨੀ ਲਗਾਈ ਗਈ। ਪੰਜਾਬੀ ਭਵਨ ਦੇ ਵਿਹੜੇ ਵਿੱਚ ਲੱਗੀ ਪੁਸਤਕ ਪ੍ਰਦਰਸ਼ਨੀ ਨੂੰ ਵੀ ਕਾਫ਼ੀ ਭਰਵਾਂ ਹੁੰਗਾਰਾ ਮਿਲਿਆ। ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਸਮਾਗਮ ਨਿਰੰਤਰ ਖਿੱਚ ਭਰਪੂਰ ਬਣਿਆ ਰਿਹਾ। ਪੰਜਾਬੀ ਸਾਹਿਤ ਅਕਾਦਮੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਈ ਜਥੇਬੰਦੀਆ ਨੇ ਗੀਤਾਂ ਤੇ ਨਾਟਕਾਂ ਭਰਵੀ ਸ਼ਾਮ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਮੰਚ ਸੰਚਾਲਨ ਦੀ ਭੂਮਿਕਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਦਾ ਕੀਤੀ।