ਸਿਰਜਣਧਾਰਾ ਦੀ ਮੀਟਿੰਗ ’ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਵਿਚਾਰਾਂ

-ਸਿਰਜਣ ਧਾਰਾ ਦੀ ਮੀਟਿੰਗ ਉਪਰੰਤ ਹੋਏ ਕਵੀ ਦਰਬਾਰ ਵਿੱਚ ਕਵੀਆਂ ਨੇ ਬੰਨਿਆ ਰੰਗ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ਼ਨਿੱਚਰਵਾਰ ਨੂੰ ਪ੍ਰਧਾਨ ਡਾ.ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਸਾਹਿਤਕ ਸੰਸਥਾ ਸਿਰਜਾਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਦੇ ਡਾ ਪਰਮਿੰਦਰ ਸਿੰਘ ਹਾਲ ਵਿਖੇ ਹੋਈ ਜਿਸ ਵਿੱਚ ਸ਼ਾਮਿਲ ਸਾਹਿਤਕਾਰਾਂ ਅਤੇ ਕਵੀਆਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਆਪੋ ਆਪਣੇ ਵਿਚਾਰਾਂ ਨਾਲ ਸਾਂਝ ਪਾਈ।
ਮੀਟਿੰਗ ਦੇ ਸ਼ੁਰੂ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਗੀਤਕਾਰ ਚੰਨ ਗੁਰਾਇਆਂ ਵਾਲਾ, ਸ਼ਾਇਰ ਡਾ ਬਸ਼ੀਰ ਬਦਰ, ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦੇ ਸਪੁੱਤਰ ਮਨਜੋਤ ਸਿੰਘ, ਗੀਤਕਾਰ ਗੋਲੂ ਕਾਲੇਕੇ ਮੋਗਾ ਦੇ ਮਾਤਾ ਰਾਜ ਰਾਣੀ ਅਤੇ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਆਮ ਤੌਰ ਤੇ ਘਰਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਪੰਜਾਬੀਆਂ ਦੇ ਬੱਚੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ ਉਹ ਬੱਚਿਆਂ ਸਮੇਤ ਮਾਂ ਬੋਲੀ ਪੰਜਾਬੀ ਤੋਂ ਕਿਨਾਰਾ ਕਰ ਰਹੇ ਹਨ। ਇਹ ਮਾਂ ਬੋਲੀ ਤੋਂ ਮੁੱਖ ਮੋੜਨ ਦੇ ਬਰਾਬਰ ਹੈ ਜੋ ਨਹੀਂ ਹੋਣਾ ਚਾਹੀਦਾ। ਮੀਟਿੰਗ ਵਿੱਚ ਸ਼ਾਮਲ ਜਨਮੇਜਾ ਸਿੰਘ ਜੌਹਲ ਨੇ ਕਿਹਾ ਕਿ ਆਮ ਬੋਲਚਾਲ ਵਿੱਚ ਸਾਨੂੰ ਦੂਸਰੀਆਂ ਭਸ਼ਾਵਾਂ ਦਾ ਵਿੱਚ ਰਲ੍ਹੇਵਾਂ ਨਹੀਂ ਕਰਨਾ ਚਾਹੀਦਾ। ਮਨਦੀਪ ਕੌਰ ਭੰਮਰਾ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਸੈਨਿਕ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਦੂਰ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਦੁੱਖ ਦੀ ਗੱਲ ਹੈ। ਪੰਜਾਬ ਵਿੱਚ ਹੀ ਪੰਜਾਬੀ ਬੋਲੀ ਦੀ ਕਦਰ ਨਹੀਂ ਤਾਂ ਹੋਰ ਕਿੱਥੇ ਹੋਵੇਗੀ। ਅਮਰਜੀਤ ਸਿੰਘ ਸ਼ੇਰਪੁਰੀ ਨੇ ਕਿਹਾ ਕਿ ਦੂਸਰਿਆਂ ਪ੍ਰਾਂਤਾਂ ਦੇ ਵਸਨੀਕ ਜਿਨ੍ਹਾਂ ਨੂੰ ਅਸੀਂ ਪਰਵਾਸੀ ਕਹਿੰਦੇ ਹਾਂ ਉਹ ਸਾਡੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਪੜ੍ਹ ਰਹੇ ਹਨ ਤੇ ਪੰਜਾਬੀ ਵਿੱਚ ਗੱਲਾਂ ਕਰਦੇ ਹਨ, ਬੇਸ਼ੱਕ ਉਨਾਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਹੈ ਪਰ ਆਪਣੇ ਮਾਂ ਬਾਪ ਨਾਲ ਆਪਣੀ ਮਾਂ ਬੋਲੀ ਵਿੱਚ ਹੀ ਗੱਲਾਂ ਕਰਦੇ ਹਨ, ਸਾਨੂੰ ਵੀ ਉਨਾਂ ਤੋਂ ਕੁੱਝ ਸਿੱਖਣਾ ਚਾਹੀਦਾ ਹੈ। ਮੀਟਿੰਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਵੀ ਮਾਂ ਬੋਲੀ ਪ੍ਰਤੀ ਆਪਣੇ ਚੰਗੇ ਵਿਚਾਰ ਰੱਖੇ ਅਤੇ ਨਾਲ ਹੀ ਉਨ੍ਹਾਂ ਦੇ ਨਾਵਲ ਕਟਹਿਰਾ ਦਾ ਛੇਵਾਂ ਅਡੀਸ਼ਨ ਵੀ ਲੋਕ ਅਰਪਣ ਕੀਤਾ ਗਿਆ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਕਵੀ ਸੋਮ ਨਾਥ ਭੱਟੀ ਨੇ ਕਵਿਤਾ ਧੀਆਂ ਵੱਸਦੀਆਂ ਸੋਹਣੀਆਂ ਲੱਗਦੀਆਂ, ਇੰਦਰਜੀਤ ਕੌਰ ਲੋਟੇ ਨੇ ਕਵਿਤਾ ਭਾਰ ਪੈਸਿਆਂ ਦਾ ਨਹੀਂ ਹਲਾਤਾਂ ਦਾ ਹੁੰਦਾ, ਸਤਵਿੰਦਰ ਸਿੰਘ ਗੁੱਗੂ ਥਰੀਕੇ ਨੇ ਗੀਤ ਮਾਵਾਂ ਠੰਡੀਆਂ ਛਾਵਾਂ ਨੇ, ਸੰਪੂਰਨ ਸਨਮ ਸਾਹਨੇਵਾਲ ਨੇ ਗੀਤ ਮੁਕੱਦਰ ਸੇ ਗਿਲਾ ਸਾ ਰਹਿਤਾ ਹੈ, ਜਨਮੇਜਾ ਸਿੰਘ ਜੌਹਲ ਨੇ ਲੋਕ ਤੱਥ ਜਦ ਅੱਖ ’ਚ ਹੰਝੂ ਆ ਜਾਵੇ, ਮਨਦੀਪ ਕੌਰ ਭੰਮਰਾ ਨੇ ਕਵਿਤਾ ਪਿਆਰ ਦਾ ਕਲਾਵਾ, ਸਿਮਰਨ ਧੁੱਗਾ ਨੇ ਗੀਤ ਖੋਲ ਕੇ ਤਾਂ ਦੇਖੋ ਧੀ ਦੇ ਪੈਰਾਂ ਦੀਆਂ ਬੇੜੀਆਂ, ਸਭਾ ਦੇ ਜਨਰਲ ਸਕੱਤਰ ਅਮਰਜੀਤ ਸ਼ੇਰਪੁਰੀ ਨੇ ਜਿੱਥੇ ਮੰਚ ਸੰਚਾਲਨ ਕੀਤਾ ਉੱਥੇ ਆਪਣਾ ਗੀਤ ਚੰਗੀ ਹੁੰਦੀ ਨਹੀਓਂ ਅੜੀ ਸੱਜਣਾ ਸਾਰੇ ਮੁੱਖ ਮੋੜ ਜਾਣਗੇ ਆਉਂਦੀ ਐਸੀ ਵੀ ਹੈ ਘੜੀ ਸੱਜਣਾ ਬੁਲੰਦ ਆਵਾਜ਼ ਵਿੱਚ ਪੇਸ਼ ਕੀਤਾ। ਅੰਤ ਵਿੱਚ ਸਭਾ ਦੀ ਪ੍ਰਧਾਨ ਡਾ ਗੁਰਚਰਨ ਕੌਰ ਕੋਚਰ ਨੇ ਆਪਣੀ ਗ਼ਜ਼ਲ ਨਹੀਂ ਡਰਦੀ ਕਿਸੇ ਦੀ ਧੌਂਸ ਤੋਂ ਤੇ ਨਾਂ ਡਰਾਉਂਦੀ ਹਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ ਅਤੇ ਨਾਲ ਹੀ ਆਏ ਸਭਨਾਂ ਦਾ ਧੰਨਵਾਦ ਕੀਤਾ।