ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਨਾਲ ਚੱਟਾਨ ਵਾਂਗ ਖੜ੍ਹਾ ਹਾਂ : ਐਡਵੋਕੇਟ ਧਾਲੀਵਾਲ
ਹੜਤਾਲ ਉੱਪਰ ਬੈਠੇ ਸਫ਼ਾਈ ਸੇਵਕਾਂ ਨਾਲ ਚੱਟਾਨ ਵਾਂਗ ਖੜ੍ਹਾ ਹਾਂ: ਐਡਵੋਕੇਟ ਧਾਲੀਵਾਲ
Publish Date: Sat, 16 May 2026 06:30 PM (IST)
Updated Date: Sat, 16 May 2026 06:30 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਪੰਜਾਬ ਸਰਕਾਰ ਨੂੰ ਪੂਰੇ ਪੰਜਾਬ ਵਿਚ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਉੱਪਰ ਫੌਰਨ ਤੌਰ ਤੇ ਵਿਚਾਰ ਕਰਨਾ ਚਾਹੀਦਾ ਹੈ। ਉਪਰੋਕਤ ਵਿਚਾਰ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਦੇ ਨਗਰ ਕੌਂਸਲ ਸਾਹਨੇਵਾਲ ਦੇ ਬਾਹਰ ਹੜਤਾਲ ਉੱਪਰ ਬੈਠੇ ਸਫ਼ਾਈ ਸੇਵਕਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਪਿਛਲੇ ਤਕਰੀਬਨ 10 ਦਿਨ ਤੋਂ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਤਪਦੀ ਗਰਮੀ ਵਿਚ ਹੜਤਾਲ ਉੱਪਰ ਬੈਠੇ ਹਨ, ਪਰ ਹਜੇ ਤੱਕ ਨਾ ਤਾਂ ਸਥਾਨਕ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਨਾ ਹੀ ਪੰਜਾਬ ਸਰਕਾਰ ਦੇ ਕੋਈ ਨੁਮਾਇੰਦੇ ਨੇ ਉਹਨਾਂ ਦੀ ਕੋਈ ਸਾਰ ਲਈ ਹੈ। ਸਫ਼ਾਈ ਸੇਵਕਾਂ ਦੀਆਂ ਮੰਗਾਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਸਰਕਾਰ ਵੱਲੋਂ ਢੁੱਕਵੀ ਤਨਖਾਹ ਤੋਂ ਵਾਂਝਾ ਰੱਖਿਆ ਗਿਆ ਹੈ ਅਤੇ ਨਾ ਪਿਛਲੇ ਲੰਬੇਂ ਸਮੇਂ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਗਿਆ ਹੈ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਪੱਕੇ ਸਫ਼ਾਈ ਸੇਵਕ ਪੈਨਸ਼ਨ ਤੋਂ ਵੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਤਾਂ ਜੋ ਇਹ ਕਾਮੇ ਮੰਗਾਂ ਪ੍ਰਵਾਨ ਹੋਣ ਉਪਰੰਤ ਆਪਣੀਆਂ ਡਿਊਟੀਆਂ ਤੇ ਪਰਤ ਆਉਣ ਅਤੇ ਆਮ ਪਬਲਿਕ ਨੂੰ ਵੀ ਕੂੜਾ ਨਾ ਚੁੱਕਣ ਕਾਰਨ ਹੋ ਰਹੀ ਪਰੇਸ਼ਾਨੀ ਨਾ ਝੱਲਣੀ ਪਵੇ। ਉਹਨਾਂ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਉਹ ਇਹਨਾਂ ਸਫ਼ਾਈ ਸੇਵਕਾਂ ਦਾ ਸਾਥ ਦੇਣ ਕਿਉਂਕਿ ਸਫ਼ਾਈ ਸੇਵਕਾਂ ਨੇ ਕੋਰੋਨਾ ਕਾਲ ਜਿਹੇ ਔਖੇ ਹਾਲਾਤਾਂ ਦੌਰਾਨ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਸਨ। ਇਸ ਮੌਕੇ ਐਸਪੀਐਸ ਗਿੱਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਇੰਟਕ ਫੈਡਰੇਸ਼ਨ, ਕੌਂਸਲਰ ਅਮਨ ਪਨੇਸਰ, ਦਿਲਬਾਗ ਰਾਣਾ ਆਦਿ ਹੋਰ ਹਾਜ਼ਰ ਸਨ।