ਪਤੀ ਨੇ ਲੱਖਾਂ ਰੁਪਏ ਖਰਚ ਕੇ ਭੇਜੀ ਕੈਨੇਡਾ, ਧੋਖੇਬਾਜ਼ੀ ਨਾਲ ਤੋੜਿਆ ਰਿਸ਼ਤਾ
ਪਤੀ ਨੇ ਲੱਖਾਂ ਰੁਪਏ ਖਰਚ ਕੇ ਪਤਨੀ ਭੇਜੀ ਕੈਨੇਡਾ
Publish Date: Mon, 11 May 2026 07:33 PM (IST)
Updated Date: Tue, 12 May 2026 04:12 AM (IST)

ਵਿਦੇਸ਼ ਜਾ ਕੇ ਦਿਖਾਏ ਤੇਵਰ ਤਾਂ ਪਿਓ-ਧੀ ’ਤੇ ਹੋ ਗਿਆ ਧੋਖਾਧੜੀ ਦਾ ਪਰਚਾ ਦਰਜ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਪੁਲਸ ਵਲੋਂ ਗੁਰਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਪਿਓ-ਧੀ ’ਤੇ ਪਰਚਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਜਸ਼ਨਪ੍ਰੀਤ ਕੌਰ ਤੇ ਅਜੀਤਪਾਲ ਸਿੰਘ ਵਾਸੀਆਨ ਜਸਪਾਲ ਬਾਂਗਰ, ਸਾਹਨੇਵਾਲ ਵਜੋਂ ਹੋਈ ਹੈ। ਗੁਰਦੀਪ ਸਿੰਘ ਨੇ ਪੁਲਸ ਜ਼ਿਲਾ ਖੰਨਾ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਆਪਣੇ ਲੜਕੇ ਗਗਨਜੋਤ ਸਿੰਘ ਦਾ ਰਿਸ਼ਤਾ ਜਸ਼ਨਪ੍ਰੀਤ ਕੌਰ ਨਾਲ ਤੈਅ ਕੀਤਾ ਸੀ ਤੇ 13-11-2022 ਨੂੰ ਇੱਕ ਪੈਲੇਸ ਵਿਚ ਵਿਆਹ ਹੋਇਆ। ਬਿਆਨਕਰਤਾ ਅਨੁਸਾਰ ਵਿਆਹ ਦਾ ਸਾਰਾ ਖਰਚਾ ਲੜਕੀ ਵਾਲਿਆਂ ਵਲੋਂ ਕਰਵਾਉਣ ਦੀ ਬਜਾਏ ਉਸ ਨੇ ਕੀਤਾ ਜਿਸ ਦੇ ਸਬੂਤ ਵੀ ਸ਼ਿਕਾਇਤ ਨਾਲ ਨੱਥੀ ਕੀਤੇ ਗਏ। ਵਿਆਹ ਤੋਂ ਬਾਅਦ ਉਸਦੀ ਨੂੰਹ ਜਸ਼ਨਪ੍ਰੀਤ ਕੌਰ ਨੇ ਆਪਣੇ ਮਾਤਾ-ਪਿਤਾ ਨਾਲ ਸਲਾਹ ਕਰ ਕੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਟੱਡੀ ਵੀਜ਼ੇ ’ਤੇ ਉਸ ਨੂੰ ਕੈਨੇਡਾ ਭੇਜਿਆ ਜਾਵੇ। ਬਿਆਨਕਰਤਾ ਅਨੁਸਾਰ ਕਰੀਬ 22 ਲੱਖ ਰੁਪਏ ਖਰਚ ਆਏ ਜਿਸ ਵਿਚ ਉਸਨੇ ਨੂੰਹ ਜਸ਼ਨਪ੍ਰੀਤ ਕੌਰ ਤੇ ਉਸਦੇ ਮਾਤਾ-ਪਿਤਾ ਦੇ ਖਾਤਿਆਂ ਵਿਚ ਲੱਖਾਂ ਰੁਪਏ ਟਰਾਂਸਫਰ ਕੀਤੇ। ਸਹੁਰਾ ਗੁਰਦੀਪ ਸਿੰਘ ਅਨੁਸਾਰ ਉਸਦੀ ਨੂੰਹ ਕੈਨੇਡਾ ਚਲੀ ਗਈ ਤੇ ਸੰਨ 2024 ’ਚ ਵਾਪਸ ਭਾਰਤ ਆਈ ਤਾਂ ਉਹ ਸਹੁਰੇ ਘਰ ਆਉਣ ਦੀ ਬਜਾਏ ਆਪਣੇ ਪੇਕੇ ਘਰ ਚਲੀ ਗਈ। ਸਹੁਰਾ ਗੁਰਦੀਪ ਸਿੰਘ ਨੇ ਸ਼ਿਕਾਇਤ ਵਿਚ ਦੋਸ਼ ਲਗਾਏ ਕਿ ਜਦੋਂ ਉਹ ਆਪਣੀ ਨੂੰਹ ਨੂੰ ਪੇਕੇ ਘਰੋਂ ਵਾਪਸ ਲੈਣ ਗਏ ਤਾਂ ਉਸਨੇ ਕੋਰਾ ਜਵਾਬ ਦੇ ਦਿੱਤਾ ਕਿ ਉਸਦਾ ਮਕਸਦ ਵਿਦੇਸ਼ ਜਾਣਾ ਸੀ, ਜੋ ਪੂਰਾ ਹੋ ਗਿਆ ਅਤੇ ਹੁਣ ਉਹ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਏ ਕਿ ਉਸਦੀ ਨੂੰਹ ਕੋਲ ਸਹੁਰੇ ਪਰਿਵਾਰ ਦੇ ਸੋਨੇ ਦੇ ਗਹਿਣੇ ਵੀ ਮੌਜੂਦ ਹਨ। ਸ਼ਿਕਾਇਤਕਰਤਾ ਅਨੁਸਾਰ ਉਸ ਨਾਲ ਧੋਖਾਧੜੀ ਕੀਤੀ ਗਈ। ਇਸ ਸ਼ਿਕਾਇਤ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ਅਤੇ ਮਾਛੀਵਾੜਾ ਪੁਲਸ ਨੂੰ ਜਸ਼ਨਪ੍ਰੀਤ ਕੌਰ ਤੇ ਉਸਦੇ ਪਿਤਾ ਅਜੀਤਪਾਲ ਸਿੰਘ ਖਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ। ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।