ਰੰਜਿਸ਼ਨ ਰਾਤ ਵੇਲੇ ਕੀਤਾ ਘਰ ’ਤੇ ਹਮਲਾ, ਚਲਾਏ ਇੱਟਾਂ ਪੱਥਰ
ਪੁਰਾਣੀ ਰੰਜਿਸ਼ ਦੇ ਚਲਦੇ ਰਾਤ ਵੇਲੇ ਕੀਤਾ ਘਰ ਤੇ ਹਮਲਾ, ਚਲਾਏ ਇੱਟਾਂ ਪੱਥਰ
Publish Date: Thu, 23 Apr 2026 10:32 PM (IST)
Updated Date: Fri, 24 Apr 2026 04:14 AM (IST)

ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਜਸਪਾਲ ਬਾਂਗਰ ’ਚ ਪੁਰਾਣੀ ਰੰਜਿਸ਼ ਨੇ ਉਸ ਵੇਲੇ ਭਿਆਨਕ ਰੂਪ ਧਾਰ ਲਿਆ, ਜਦੋਂ ਇਕ ਧਿਰ ਵੱਲੋਂ ਪਹਿਲਾਂ ਹਮਲਾ ਕਰ ਕੇ ਘਰ ਤੇ ਇੱਟਾਂ ਰੋੜੇ ਚਲਾਏ ਗਏ ਤੇ ਅਗਲੇ ਹੀ ਦਿਨ ਪਰਿਵਾਰ ਨੂੰ ਰਾਹ ’ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਮੋਨੂ ਕੁਮਾਰ ਪੁੱਤਰ ਸ਼ਿਆਮ ਸਿੰਘ ਵਾਸੀ ਪਿੰਡ ਜਸਪਾਲ ਬਾਂਗਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਸਾਥੀਆਂ ਅਸ਼ਵਨੀ, ਸੰਨੀ ਤੇ ਅੰਕੁਸ਼ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ, ਜਦੋਂ ਉਹ ਆਪਣੇ ਘਰ ਨੇੜੇ ਪਹੁੰਚੇ ਤਾਂ ਪੁਰਾਣੀ ਰੰਜਿਸ਼ ਰੱਖਣ ਵਾਲੇ ਵਿਅਕਤੀ ਇਕੱਠੇ ਹੋ ਕੇ ਆ ਗਏ ਤੇ ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਦੇ ਘਰ ਤੇ ਇੱਟਾਂ-ਰੋੜੇ ਮਾਰਨ ਲੱਗ ਪਏ। ਇਸ ਦੌਰਾਨ ਪਰਿਵਾਰਕ ਮੈਂਬਰ ਡਰ ਕਰ ਆਪਣੇ ਘਰਾਂ ’ਚ ਦਾਖਲ ਹੋ ਕੇ ਦਰਵਾਜ਼ੇ ਬੰਦ ਕਰਨ ਲਈ ਮਜਬੂਰ ਹੋ ਗਏ। ਮੁਲਜ਼ਮਾਂ ਨੇ ਦੂਜੀ ਵਾਰ ਵੀ ਘਰ ’ਤੇ ਹਮਲਾ ਕਰ ਕੇ ਦਹਿਸ਼ਤ ਫੈਲਾਈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਆਪਣੇ ਭਰਾ ਸੂਰਜ ਪਾਲ, ਭਰਜਾਈ ਸਰਲਾ ਤੇ ਭਤੀਜੀ ਸੁਮਨ ਨਾਲ ਦੁੱਧ ਲੈਣ ਜਾ ਰਿਹਾ ਸੀ, ਜਦੋਂ ਉਹ ਪੀਰਾਂ ਦੀ ਜਗ੍ਹਾ ਕੋਲ ਪਹੁੰਚੇ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਜੀਤ ਸਿੰਘ ਉਰਫ ਸਮੁੰਦਰ, ਸੁਰਿੰਦਰ ਸਿੰਘ ਉਰਫ ਵਿਕਕੀ, ਬਲਜੀਤ ਸਿੰਘ ਉਰਫ ਗੋਲਡੀ, ਗੋਪੀ, ਜਸਕਰਨਪ੍ਰੀਤ ਸਿੰਘ ਉਰਫ ਭਿੰਦਾ, ਰਣਜੀਤ ਸਿੰਘ, ਕਰਨ ਉਰਫ ਬੱਚੀ, ਪਰਮਵੀਰ ਉਰਫ ਪ੍ਰਿੰਸ, ਬੋਬੀ, ਦਵਿੰਦਰ (ਮੁਰਗੀ ਫਾਰਮ ਵਾਲਾ), ਹਰਮਨ ਉਰਫ ਚਤਰਾ, ਕੁਲਵਿੰਦਰ ਸਿੰਘ, ਪਵਨਾ, ਅਰਸ਼ਦੀਪ ਸਿੰਘ ਅਤੇ ਗੁਲਾਬਾ, ਸਾਰੇ ਵਾਸੀ ਪਿੰਡ ਜਸਪਾਲ ਬੰਗੜ ਵਜੋਂ ਹੋਈ ਹੈ, ਜਦਕਿ 10-12 ਹੋਰ ਅਣਪਛਾਤੇ ਵਿਅਕਤੀ ਵੀ ਇਸ ਹਮਲੇ ਵਿੱਚ ਸ਼ਾਮਲ ਸਨ। ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋ ਮੁਲਜ਼ਮ ਸੁਰਿੰਦਰ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖੀ ਜਾ ਸਕੇ। ਇਸ ਘਟਨਾ ਨਾਲ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਵਿੱਚ ਡਰ ਦੇ ਨਾਲ-ਨਾਲ ਰੋਸ ਵੀ ਵੇਖਣ ਨੂੰ ਮਿਲ ਰਿਹਾ ਹੈ।